ਬਠਿੰਡਾ-ਜੰਮੂ ਫਲਾਈਟ ਤੇ ਫੂਡ ਪ੍ਰੋਸੈਸਿੰਗ ਸੈਂਟਰ ਸ਼ੁਰੂ ਹੋਣ ਨਾਲ ਮਲਵੀਆਂ ਨੂੰ ਮਿਲੀਆਂ ਦੋ ਵੱਡੀਆਂ ਸੌਗਾਤਾਂ : ਬਾਦਲ

02/27/2018 1:53:01 PM

ਬਠਿੰਡਾ (ਅਮਿਤ ਸ਼ਰਮਾ) — ਬਠਿੰਡਾ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਤੋਂ ਜੰਮੂ ਫਲਾਈਟ ਸ਼ੁਰੂ ਹੋਣ ਤੇ ਇਸ ਦੇ ਨਾਲ ਹੀ ਨਾਰਥ ਇੰਡੀਆ ਦਾ ਪਹਿਲਾ ਫੂਡ ਪ੍ਰੋਸੈਸਿੰਗ ਟ੍ਰੈਨਿੰਗ ਸੈਂਟਰ ਸ਼ੁਰੂ ਹੋਣ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਲਵਾ ਦੇ ਇਲਾਕੇ ਨੂੰ ਦੋ ਵੱਡੀਆਂ ਸੌਗਾਤਾਂ ਮਿਲੀਆਂ ਹਨ ਤੇ ਇਸ ਦਾ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। 
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਰੇਡ ਕਰਾਸ ਦੇ ਡੀਫ ਐਂਡ ਡੰਬ ਸਕੂਲ 'ਚ ਪਹੁੰਚੇ, ਜਿਥੇ ਉਨ੍ਹਾਂ ਨੇ ਸਕੂਲ ਦੇ ਬੱਚਿਆਂ ਨਾਲ ਸਮਾਂ ਬਿਤਾਇਆ ਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ। ਉਥੇ ਹੀ ਉਨ੍ਹਾਂ ਨੇ ਕੈਪਟਨ ਸਰਕਾਰ 'ਤੇ ਇਕ ਸਾਲ 'ਚ ਕੋਈ ਵੀ ਵਾਅਦਾ ਪੂਰਾ ਨਾ ਕਰਨ 'ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਮੀਡੀਆ ਨਾਲ ਗਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ 'ਤੇ ਓ. ਬੀ. ਸੀ. ਦੇ 200 ਕਰੋੜ ਦੇ ਘੋਟਾਲੇ ਦੇ ਦੋਸ਼ ਲੱਗੇ ਹਨ, ਉਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ।
ਉਥੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਇਕ ਸਾਲ ਦੌਰਾਨ ਕੋਈ ਵੀ ਵਾਅਦਾ ਪੂਰਾ ਨਾ ਕਰਨ 'ਤੇ ਕਿਹਾ ਕਿ ਕੈਪਟਨ ਸਰਕਾਰ ਨੇ ਇਕ ਸਾਲ 'ਚ ਕੁਝ ਨਹੀਂ ਕੀਤਾ ਤੇ ਸਾਰੇ ਵਿਕਾਸ ਕੰਮ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਅਕਸਰ ਖਜ਼ਾਨਾ ਖਾਲੀ ਹੋਣ ਦੀ ਗੱਲ ਕੀਤੀ ਜਾਂਦੀ ਹੈ, ਜੋ ਕਿ ਗਲਤ ਹੈ ਖਜ਼ਾਨਾ ਕਦੇ ਵੀ ਖਾਲੀ ਨਹੀਂ ਹੁੰਦਾ, ਜੇਕਰ ਖਜ਼ਾਨਾ ਖਾਲੀ ਸੀ ਤਾਂ ਸਰਕਾਰ ਕਿਉਂ ਬਣਾਈ ਵਾਅਦੇ ਕਿਉਂ ਕੀਤੇ। ਇਹ ਸਭ ਤਾਂ ਕੈਪਟਨ ਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਹੁਣ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।   


Related News