ਫੂਡ ਸੇਫਟੀ ਵਿੰਗ ਵੱਲੋਂ ਵੱਡੀ ਕਾਰਵਾਈ, 450 ਕਿੱਲੋ ਪਨੀਰ ਜ਼ਬਤ, ਮਿਲਾਵਟ ’ਤੇ ਸਖ਼ਤ ਨਜ਼ਰ

Thursday, Jun 12, 2025 - 03:31 PM (IST)

ਫੂਡ ਸੇਫਟੀ ਵਿੰਗ ਵੱਲੋਂ ਵੱਡੀ ਕਾਰਵਾਈ, 450 ਕਿੱਲੋ ਪਨੀਰ ਜ਼ਬਤ, ਮਿਲਾਵਟ ’ਤੇ ਸਖ਼ਤ ਨਜ਼ਰ

ਚੰਡੀਗੜ੍ਹ (ਪਾਲ) : ਚੰਡੀਗੜ੍ਹ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਵੱਡੀ ਕਾਰਵਾਈ ਕਰਦਿਆਂ 450 ਕਿੱਲੋ ਪਨੀਰ ਜ਼ਬਤ ਕੀਤਾ ਹੈ। ਵਿਭਾਗ ਨੇ ਬਾਪੂ ਧਾਮ ਕਾਲੋਨੀ ਸੈਕਟਰ-26 ’ਚ ਇਕ ਦੁਕਾਨ ਤੇ ਪਿਕ-ਅੱਪ ਗੱਡੀ ਤੋਂ ਪਨੀਰ ਜ਼ਬਤ ਕੀਤਾ। ਪਨੀਰ ਦੀ ਗੁਣਵੱਤਾ ਸਬੰਧੀ ਮਿਲੀ ਸੂਚਨਾ ਤੋਂ ਬਾਅਦ ਵਿਭਾਗ ਨੇ ਕਾਰਵਾਈ ਕੀਤੀ ਹੈ। ਜਾਂਚ ਦੌਰਾਨ ਘਰ ਨੰਬਰ 714/2 ’ਚ ਚੱਲ ਰਹੀ ਦੁਕਾਨ ਅਤੇ ਬਾਹਰ ਖੜ੍ਹੀ ਪਿਕਅੱਪ ਗੱਡੀ ’ਚੋਂ ਪਨੀਰ ਮਿਲਿਆ। ਇਹ ਕਾਰਵਾਈ ਸਵੇਰੇ 7 ਵਜੇ ਕੀਤੀ ਗਈ। ਵਿੰਗ ਦੇ ਫੂਡ ਅਫਸਰ ਸੁਖਵਿੰਦਰ ਸਿੰਘ ਅਨੁਸਾਰ ਚਾਰ ਚੀਜ਼ਾਂ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ ’ਚ ਦੁਕਾਨ ’ਚ ਰੱਖੇ ਪਨੀਰ, ਪਿਕ-ਅੱਪ ਗੱਡੀ ’ਚ ਰੱਖੇ ਪਨੀਰ ਦੇ ਨਮੂਨੇ ਲਏ ਗਏ ਹਨ।

ਇਸ ਦੇ ਨਾਲ ਹੀ ਉੱਥੋਂ ਦੇਸੀ ਘਿਓ ਤੇ ਦਹੀਂ ਦੇ ਨਮੂਨੇ ਵੀ ਲਏ ਗਏ। ਸਾਰੇ ਨਮੂਨੇ ਜਾਂਚ ਲਈ ਫੂਡ ਐਨਾਲਿਸਟ ਲੈਬ ਨੂੰ ਭੇਜੇ ਜਾਣਗੇ ਤੇ ਜੇਕਰ ਇਹ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ ਤਾਂ ਸਬੰਧਿਤ ਫੂਡ ਆਪਰੇਟਰ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਅਨੁਸਾਰ ਪਨੀਰ ਦੇ ਨਮੂਨੇ ਦੀ ਰਿਪੋਰਟ ਸੋਮਵਾਰ ਨੂੰ ਆਵੇਗੀ। ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਕਿ ਪਨੀਰ ਦਾ ਕੀ ਕਰਨਾ ਹੈ। ਜੇਕਰ ਸੈਂਪਲ ਰਿਪੋਰਟ ਸਹੀ ਪਾਈ ਜਾਂਦੀ ਹੈ ਤਾਂ ਪਨੀਰ ਵਾਪਸ ਕਰ ਦਿੱਤਾ ਜਾਵੇਗਾ ਨਹੀਂ ਤਾਂ ਇਸ ਨੂੰ ਸੁੱਟ ਦਿੱਤਾ ਜਾਵੇਗਾ।
ਫੂਡ ਸੇਫਟੀ ਐਕਟ ਦੀ ਧਾਰਾ 63 ਤਹਿਤ ਚਲਾਨ
ਇਸ ਤੋਂ ਇਲਾਵਾ ਦੋ ਚਲਾਨ ਫੂਡ ਸੇਫਟੀ ਐਕਟ ਦੀ ਧਾਰਾ 63 ਦੇ ਤਹਿਤ ਦੁਕਾਨ ਸੰਚਾਲਕ ਤੇ ਵਾਹਨ ਚਾਲਕ ਨੂੰ ਜਾਰੀ ਕੀਤੇ ਗਏ ਹਨ, ਕਿਉਂਕਿ ਉਹ ਬਿਨਾ ਐੱਫ.ਐੱਸ. ਐੱਸ. ਏ. ਆਈ. ਲਾਇਸੈਂਸ ਦੇ ਖਾਣ-ਪੀਣ ਦੀਆਂ ਚੀਜ਼ਾਂ ਵੇਚ ਰਹੇ ਸਨ। ਸਿਹਤ ਵਿਭਾਗ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਜ਼ਾਰ ਤੋਂ ਖਾਣ-ਪੀਣ ਦੀਆਂ ਵਸਤਾਂ ਖਰੀਦਣ ਵੇਲੇ ਚੌਕਸ ਰਹਿਣ ਅਤੇ ਸਿਰਫ਼ ਲਾਇਸੈਂਸ ਪ੍ਰਾਪਤ ਅਤੇ ਸਫਾਈ ਦੀ ਪਾਲਣਾ ਕਰਨ ਵਾਲੀਆਂ ਦੁਕਾਨਾਂ ਤੋਂ ਹੀ ਸਾਮਾਨ ਖਰੀਦਣ। ਕਿਸੇ ਵੀ ਤਰ੍ਹਾਂ ਦੀ ਗੜਬੜੀ ਜਾਂ ਸ਼ੱਕੀ ਗਤੀਵਿਧੀ ਨਜ਼ਰ ਆਉਣ ’ਤੇ ਤੁਰੰਤ ਫੂਡ ਸੇਫਟੀ ਵਿਭਾਗ ਨੂੰ ਸੂਚਿਤ ਕਰੋ।


author

Babita

Content Editor

Related News