ਭਾਜਪਾ ਦੇ ਸਾਬਕਾ ਕੌਂਸਲਰ ਘਰੋਂ ਮਿਲਿਆ ਨਸ਼ੇ ਦੀਆਂ ਗੋਲੀਆਂ ਦਾ ਜ਼ਖ਼ੀਰਾ, ਪੁਲਸ ਅੱਜ ਕਰੇਗੀ ਵੱਡਾ ਖ਼ੁਲਾਸਾ

03/02/2021 10:02:26 AM

ਲੁਧਿਆਣਾ (ਰਾਜ) : ਨਸ਼ਿਆਂ ਖ਼ਿਲਾਫ਼ ਇਸ ਸਾਲ ਦੀ ਲੁਧਿਆਣਾ ਪੁਲਸ ਦੀ ਸਭ ਤੋਂ ਵੱਡੀ ਕਾਰਵਾਈ ਸਾਹਮਣੇ ਆਈ ਹੈ, ਜਿਸ 'ਚ ਪੁਲਸ ਨੇ ਭਾਜਪਾ ਦੇ ਇਕ ਸਾਬਕਾ ਕੌਂਸਲਰ ਸਤੀਸ਼ ਨਾਗਰ ਦੇ ਘਰ ਛਾਪੇਮਾਰੀ ਕਰ ਕੇ ਨਸ਼ੇ ਵਾਲੀਆਂ ਗੋਲੀਆਂ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ। ਇਹ ਛਾਪੇਮਾਰੀ ਜ਼ਿਲ੍ਹਾ ਮੈਜਿਸਟ੍ਰੇਟ, ਸਿਹਤ ਮਹਿਕਮੇ ਦੇ ਡਰੱਗ ਇੰਸਪੈਕਟਰ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ 'ਚ ਹੋਈ ਹੈ। ਇਸ ਦੌਰਾਨ ਪੁਲਸ ਨੇ ਮੁਲਜ਼ਮ ਸਾਬਕਾ ਕੌਂਸਲਰ ਦੇ ਘਰ ਦੀ ਤੀਜੀ ਮੰਜ਼ਿਲ ’ਤੇ ਬਣੇ ਕਮਰਿਆਂ ’ਚੋਂ ਪਾਬੰਦੀਸ਼ੁਦਾ 1 ਲੱਖ, 29 ਹਜ਼ਾਰ, 200 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਕੇਸ 'ਚ ਥਾਣਾ ਡਵੀਜ਼ਨ ਨੰਬਰ-4 'ਚ ਪੁਲਸ ਨੇ ਸਾਬਕਾ ਕੌਂਸਲਰ ਸਤੀਸ਼ ਨਾਗਰ ਅਤੇ ਉਸ ਦੇ 3 ਸਾਥੀਆਂ ਅਨੂਪ ਸ਼ਰਮਾ, ਹਿੰਮਤ ਅਤੇ ਰਾਜਿੰਦਰ ਨੂੰ ਵੀ ਨਾਮਜ਼ਦ ਕੀਤਾ ਹੈ। ਸਾਰੇ ਮੁਲਜ਼ਮਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਪੁਲਸ ਨੇ ਚਾਰੇ ਮੁਲਜ਼ਮਾਂ ਨੂੰ ਫੜ੍ਹ ਲਿਆ ਹੈ ਪਰ ਅਜੇ ਕਿਸੇ ਦੀ ਵੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਅਤੇ ਕੋਈ ਵੀ ਅਧਿਕਾਰੀ ਕੁੱਝ ਬੋਲਣ ਲਈ ਤਿਆਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਖ਼ੁਦ ਇਸ ਕੇਸ ਬਾਰੇ ਪ੍ਰੈੱਸ ਕਾਨਫਰੰਸ ਕਰ ਕੇ ਵੱਡਾ ਖ਼ੁਲਾਸਾ ਕਰਨਗੇ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ 'ਚ 'ਨਕਲੀ ਸ਼ਰਾਬ' ਵੇਚਣ ਵਾਲੇ ਹੁਣ ਨਹੀਂ ਬਚਣਗੇ, ਮਿਲ ਸਕਦੀ ਹੈ ਮੌਤ ਦੀ ਸਜ਼ਾ

PunjabKesari

ਜਾਣਕਾਰੀ ਮੁਤਾਬਕ ਥਾਣਾ ਡਵੀਜ਼ਨ ਨੰਬਰ-4 ਦੇ ਐੱਸ. ਐੱਚ. ਓ. ਸਤਵੰਤ ਸਿੰਘ ਏ. ਐੱਸ. ਆਈ. ਜਨਕ ਰਾਜ ਅਤੇ ਹੋਰ ਮੁਲਾਜ਼ਮਾਂ ਦੇ ਨਾਲ ਆਪਣੀ ਸਰਕਾਰੀ ਗੱਡੀ ’ਤੇ ਮਾਲੀਗੰਜ ਚੌਂਕ ’ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਮੁਖ਼ਬਰ ਨੇ ਆ ਕੇ ਸੂਚਨਾ ਦਿੱਤੀ ਸੀ ਕਿ ਛਾਉਣੀ ਮੁਹੱਲਾ 'ਚ ਸਾਬਕਾ ਕੌਂਸਲਰ ਸਤੀਸ਼ ਨਾਗਰ ਦਾ ਘਰ ਹੈ। ਉਸ ਦੇ ਜੱਦੀ ਘਰ ਦੇ ਸਾਹਮਣੇ ਬਣੇ ਦੂਜੇ ਘਰ ਦੀ ਤੀਜੀ ਮੰਜ਼ਿਲ ’ਤੇ 2 ਕਮਰੇ ਕਿਰਾਏ ’ਤੇ ਹਨ, ਜਿਸ 'ਚ ਹਿੰਮਤ, ਅਨੂਪ ਅਤੇ ਰਾਜਿੰਦਰ ਨੇ ਨਸ਼ੇ ਵਾਲੀਆਂ ਗੋਲੀਆਂ ਲੁਕੋ ਰੱਖੀਆਂ ਹਨ। ਇਸ ਸੂਚਨਾ ਤੋਂ ਬਾਅਦ ਐਤਵਾਰ ਰਾਤ ਨੂੰ ਪੁਲਸ ਉਸ ਦੇ ਘਰ ਛਾਪੇਮਾਰੀ ਕਰਨ ਗਈ ਸੀ ਪਰ ਸਰਚ ਵਾਰੰਟ ਨਾ ਮਿਲਣ ਕਾਰਨ ਵਾਪਸ ਮੁੜ ਆਈ ਸੀ ਅਤੇ ਪੁਲਸ ਨੇ ਇਸ ਕੇਸ 'ਚ ਰਿਪੋਰਟ ਦਰਜ ਕਰ ਲਈ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੈਪਟਨ 'ਤੇ ਗਰਜੇ 'ਸੁਖਬੀਰ ਬਾਦਲ', ਸਟੇਜ ਤੋਂ ਕੀਤੇ ਵੱਡੇ ਐਲਾਨ

PunjabKesari

ਇਸ ਤੋਂ ਬਾਅਦ ਸੋਮਵਾਰ ਨੂੰ ਪੁਲਸ ਨੇ ਅਦਾਲਤ ਤੋਂ ਘਰ ਦਾ ਸਰਚ ਵਾਰੰਟ ਹਾਸਲ ਕੀਤਾ ਸੀ ਅਤੇ ਮੈਜਿਸਟ੍ਰੇਟ ਨੂੰ ਮੌਕੇ ’ਤੇ ਆਉਣ ਦਾ ਲਿਖ ਕੇ ਦਿੱਤਾ। ਸ਼ਾਮ ਨੂੰ ਉਨ੍ਹਾਂ ਨੂੰ ਵਾਰੰਟ ਹਾਸਲ ਹੋਇਆ ਤਾਂ ਮੈਜਿਸਟ੍ਰੇਟ, ਡਰੱਗ ਇੰਸਪੈਕਟਰ ਅਤੇ ਅਧਿਕਾਰੀਆਂ ਦੇ ਨਾਲ ਘਰ ਦੀ ਤਲਾਸ਼ੀ ਲਈ ਗਈ, ਜਿੱਥੇ ਭਾਰੀ ਮਾਤਰਾ 'ਚ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਪਤਾ ਲੱਗਾ ਹੈ ਕਿ ਜਿਸ ਘਰ 'ਚੋਂ ਇਹ ਗੋਲੀਆਂ ਬਰਾਮਦ ਹੋਈਆਂ, ਉਹ ਦੇਖਣ 'ਚ ਖੰਡਰ ਵਰਗਾ ਲੱਗਦਾ ਹੈ। ਉਸ ਦੀ ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਕੋਈ ਨਹੀਂ ਰਹਿੰਦਾ, ਜਦੋਂ ਕਿ ਤੀਜੀ ਮੰਜ਼ਿਲ ’ਤੇ ਛੋਟੇ-ਛੋਟੇ ਕਮਰੇ ਬਣੇ ਹੋਏ ਹਨ, ਜਿਸ 'ਚ ਇਹ ਮਾਲ ਲੁਕੋ ਕੇ ਰੱਖਿਆ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਘੇਰਨ ਜਾਂਦੇ 'ਅਕਾਲੀਆਂ' 'ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ, ਹਿਰਾਸਤ 'ਚ ਲਿਆ

PunjabKesari
ਅਨੂਪ, ਹਿੰਮਤ ਅਤੇ ਰਜਿੰਦਰ ਦੇ ਜ਼ਰੀਏ ਹੁੰਦੀ ਸੀ ਸਪਲਾਈ
ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਾਬਕਾ ਕੌਂਸਲਰ ਖ਼ੁਦ ਕਿੰਗਪਿਨ ਹੈ, ਜਦੋਂ ਕਿ ਬਾਕੀ ਉਸ ਦੇ ਪਿਆਦੇ ਹਨ। ਉਹ ਅਨੂਪ, ਹਿੰਮਤ ਅਤੇ ਰਾਜਿੰਦਰ ਜ਼ਰੀਏ ਹੀ ਨਸ਼ਾ ਸਪਲਾਈ ਦਾ ਕੰਮ ਕਰਵਾਉਂਦਾ ਸੀ। ਹਾਲਾਂਕਿ ਅਜੇ ਇਸ ਕੇਸ 'ਚ ਕੋਈ ਵੀ ਵੱਡਾ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ।

PunjabKesari
ਸਾਬਕਾ ਕੌਂਸਲਰ ਸਤੀਸ਼ ’ਤੇ ਪਹਿਲਾਂ ਵੀ ਦਰਜ ਹੈ ਕਤਲ ਦਾ ਕੇਸ
ਸਾਬਕਾ ਕੌਂਸਲਰ ਪਹਿਲਾਂ ਵੀ ਚਰਚਾ 'ਚ ਰਹਿ ਚੁੱਕਾ ਹੈ। ਕਈ ਸਾਲ ਪਹਿਲਾਂ ਸਤੀਸ਼ ਨੇ ਇਕ ਬਾਊ ਨਾਂ ਦੇ ਵਿਅਕਤੀ ਦਾ ਸਰੇ ਬਜ਼ਾਰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਉਸ ਕੇਸ 'ਚ ਸਤੀਸ਼ ਖ਼ਿਲਾਫ਼ ਕੇਸ ਦਰਜ ਹੋਇਆ ਸੀ ਪਰ ਉਕਤ ਕੇਸ 'ਚ ਸਤੀਸ਼ ਸਬੂਤਾਂ ਦੀ ਕਮੀ ਕਾਰਨ ਬਰੀ ਹੋ ਗਿਆ ਸੀ, ਜਦੋਂ ਕਿ ਸੂਤਰਾਂ ਦਾ ਕਹਿਣਾ ਹੈ ਕਿ ਸਤੀਸ਼ ਸ਼ਰਾਬ ਤਸਕਰੀ 'ਚ ਵੀ ਸ਼ਾਮਲ ਹੈ। ਹਾਲਾਂਕਿ ਅਜੇ ਪੁਲਸ ਇਸ ਦੀ ਜਾਂਚ ਕਰ ਰਹੀ ਹੈ।

PunjabKesari
2002 'ਚ ਖ਼ੁਦ ਕੌਂਸਲਰ, 2007 'ਚ ਪਤਨੀ ਅਤੇ ਬਾਅਦ ’ਚ ਹਾਰੇ
ਸਤੀਸ਼ ਨਾਗਰ 2002 'ਚ ਖ਼ੁਦ ਕੌਂਸਲਰ ਬਣਿਆ। 5 ਸਾਲ ਬਾਅਦ ਮੁੜ ਹੋਈਆਂ ਚੋਣਾਂ 'ਚ 2007 'ਚ ਉਸ ਦੀ ਪਤਨੀ ਆਪਣੇ ਵਾਰਡ ਤੋਂ ਜਿੱਤੀ ਸੀ ਪਰ ਇਸ ਤੋਂ 5 ਸਾਲ ਬਾਅਦ ਹੋਈਆਂ ਚੋਣਾਂ 'ਚ ਉਹ ਹਾਰ ਗਏ ਸਨ। ਇਕ ਵਿਅਕਤੀ ਦੇ ਕਤਲ ਤੋਂ ਬਾਅਦ ਸਤੀਸ਼ ਕਾਫੀ ਚਰਚਾ ’ਚ ਆ ਗਿਆ ਸੀ। ਇਸ ਤੋਂ ਬਾਅਦ ਉਸ ਨੇ ਇਲਾਕੇ 'ਚ ਆਪਣਾ ਕਾਫੀ ਦਬਦਬਾ ਬਣਾ ਲਿਆ ਸੀ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ
 


Babita

Content Editor

Related News