ਸਾਬਕਾ ਏ. ਸੀ. ਪੀ. ਬਿਮਲਕਾਂਤ ਅਤੇ ਜੀਤਾ ਮੌੜ ਦੇ ਮੋਬਾਇਲਾਂ ਤੋਂ ਖੁੱਲ੍ਹਣਗੇ ਇੰਟਰਨੈਸ਼ਨਲ ਡਰੱਗਜ਼ ਰੈਕੇਟ ਦੇ ਰਾਜ਼
Saturday, Feb 12, 2022 - 10:32 AM (IST)
ਜਲੰਧਰ (ਸੁਧੀਰ/ਮ੍ਰਿਦੁਲ): ਐੱਸ. ਟੀ. ਐੱਫ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਲੋਨਾਈਜ਼ਰ ਅਤੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਰਣਜੀਤ ਸਿੰਘ ਜੀਤਾ ਮੌੜ ਨਾਲ ਫੜੇ ਗਏ ਰਿਟਾਇਰਡ ਏ. ਸੀ. ਪੀ. ਬਿਮਲਕਾਂਤ ਦੇ ਘਰ ਵੀ ਐੱਸ. ਟੀ. ਐੱਫ. ਵੱਲੋਂ ਸਰਚ ਕੀਤੀ ਗਈ, ਜਿਥੇ ਘੰਟਿਆਂ ਤੱਕ ਟੀਮ ਨੇ ਬਿਮਲਕਾਂਤ ਦੇ ਘਰ ਦਾ ਚੱਪਾ-ਚੱਪਾ ਛਾਣ ਮਾਰਿਆ। ਦੂਜੇ ਪਾਸੇ ਐੱਸ. ਟੀ. ਐੱਫ. ਲੁਧਿਆਣਾ ਯੂਨਿਟ ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਸਮੇਤ ਉਨ੍ਹਾਂ ਦੀ ਟੀਮ ਨੇ ਲੁਧਿਆਣਾ ਵਿਚ ਜੀਤਾ ਮੌੜ, ਬਿਮਲਕਾਂਤ ਅਤੇ ਏ. ਐੱਸ. ਆਈ. ਮੁਨੀਸ਼ ਤੋਂ ਪੁੱਛਗਿੱਛ ਕੀਤੀ। ਸੂਤਰਾਂ ਦੀ ਮੰਨੀਏ ਤਾਂ ਲੰਮੀ ਪੁੱਛਗਿੱਛ ਦੌਰਾਨ ਸਾਰਿਆਂ ਦੇ ਬਿਆਨਾਂ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਤਾਂ ਜੋ ਇਸ ਮਾਮਲੇ ਵਿਚ ਸਾਹਮਣੇ ਆ ਰਹੇ ਪਾਵਰਫੁੱਲ ਲਾਬੀ ਦੇ ਲੋਕਾਂ ਦੇ ਨਾਵਾਂ ਦਾ ਐੱਸ. ਟੀ. ਐੱਫ. ਪੱਕੇ ਤਰੀਕੇ ਨਾਲ ਖੁਲਾਸਾ ਕਰ ਸਕੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵੱਡਾ ਦਾਅਵਾ, ਡਰ ਕਾਰਨ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਹਨ ਬਿਕਰਮ ਮਜੀਠੀਆ
ਓਧਰ ਜਲੰਧਰ ਕਮਿਸ਼ਨਰੇਟ ਪੁਲਸ ਤੋਂ ਏ. ਸੀ. ਪੀ. ਅਹੁਦੇ ਤੋਂ ਰਿਟਾਇਰਡ ਹੋਏ ਬਿਮਲਕਾਂਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਵਿਭਾਗ ਵਿਚ ਵੀ ਹੜਕੰਪ ਮਚਿਆ ਹੋਇਆ ਹੈ। ਡਰੱਗਜ਼ ਰੈਕੇਟ ਵਿਚ ਅਚਾਨਕ ਰਿਟਾਇਰਡ ਏ. ਸੀ. ਪੀ. ਬਿਮਲਕਾਂਤ ਦਾ ਨਾਂ ਸਾਹਮਣੇ ਆਉਣ ’ਤੇ ਹਰ ਕੋਈ ਹੈਰਾਨ ਹੋ ਰਿਹਾ ਹੈ। ਐੱਸ. ਟੀ. ਐੱਫ. ਫੜੇ ਗਏ ਲੋਕਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਨੈੱਟਵਰਕ ਨੂੰ ਵੀ ਖੰਗਾਲ ਰਹੀ ਹੈ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਐੱਸ. ਟੀ. ਐੱਫ. ਵੱਲੋਂ ਫੜੇ ਗਏ ਰਿਟਾਇਰਡ ਏ. ਸੀ. ਪੀ. ਬਿਮਲਕਾਂਤ ਅਤੇ ਹੋਰਨਾਂ ਦੇ ਮੋਬਾਇਲਾਂ ਦੀ ਕਾਲ ਡਿਟੇਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਨੈੱਟਵਰਕ ਦਾ ਪਤਾ ਚੱਲ ਸਕੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਸ. ਟੀ. ਐੱਫ. ਨੂੰ ਇਸ ਇੰਟਰਨੈਸ਼ਨਲ ਡਰੱਗਜ਼ ਰੈਕੇਟ ਬਾਰੇ ਕਈ ਅਹਿਮ ਸੁਰਾਗ ਹੱਥ ਲੱਗੇ ਸਨ। ਫਿਲਹਾਲ ਇਸ ਵੱਡੇ ਡਰੱਗਜ਼ ਰੈਕੇਟ ਵਿਚ ਸ਼ਾਮਲ ਹੋਰ ਲੋਕਾਂ ਦੇ ਨਾਂ ਸਾਹਮਣੇ ਆਉਣ ’ਤੇ ਸਾਰੇ ਫ਼ਰਾਰ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਮੇਰਾ ਚੋਣ ਲੜਨ ਦਾ ਮਨ ਨਹੀਂ ਸੀ ਪਰ ਪਾਰਟੀ ਦਾ ਹੁਕਮ ਸਿਰ ਮੱਥੇ : ਪ੍ਰਕਾਸ਼ ਸਿੰਘ ਬਾਦਲ
ਬਿਮਲਕਾਂਤ ਅਤੇ ਮੁਨੀਸ਼ ਦੀ ਅਹਿਮ ਭੂਮਿਕਾ
ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਾਬਕਾ ਏ. ਸੀ. ਪੀ. ਬਿਮਲਕਾਂਤ ਕਾਨੂੰਨ ਦੇ ਮਾਹਿਰ ਹੋਣ ਕਾਰਨ ਜੀਤਾ ਮੌੜ ਦੇ ਰੀਅਲ ਅਸਟੇਟ ਕਾਰੋਬਾਰ ਵਿਚ ਇਕ ਕਾਨੂੰਨੀ ਸਲਾਹਕਾਰ ਵਜੋਂ ਕੰਮ ਕਰ ਰਹੇ ਸਨ। ਸੂਤਰਾਂ ਦੀ ਮੰਨੀਏ ਤਾਂ ਏ. ਐੱਸ. ਆਈ. ਮੁਨੀਸ਼ ਜੋ ਕਿ ਜੀਤਾ ਮੌੜ ਦੀ ਸਕਿਓਰਿਟੀ ਵਿਚ ਸੀ, ਉਹ ਵੀ ਕਈ ਤਰੀਕਿਆਂ ਨਾਲ ਪੈਸਿਆਂ ਦੀ ਕਨਸਾਈਨਮੈਂਟ ਇਧਰੋਂ ਉਧਰ ਕਰਦਾ ਸੀ। ਚੋਣਾਂ ਦੇ ਸਮੇਂ ਏ. ਐੱਸ .ਆਈ. ਮੁਨੀਸ਼ ਹੀ ਪੈਸਿਆਂ ਦੀ ਫੰਡਿੰਗ ਨੇਤਾਵਾਂ ਤੱਕ ਕਰਾਉਣ ਲਈ ਜਾਂਦਾ ਸੀ, ਜਿਸ ਕਾਰਨ ਜਾਂਚ ਕੀਤੀ ਜਾ ਰਹੀ ਹੈ ਕਿ ਜੀਤਾ ਮੌੜ ਨੇ ਕਿਸ ਟਿਕਾਣੇ ’ਤੇ ਆਪਣਾ ਸਾਰਾ ਕੈਸ਼ ਲੁਕਾ ਕੇ ਰੱਖਿਆ ਹੈ।
ਸੱਤਾਧਾਰੀ ਨੇਤਾਵਾਂ ਦੇ ਸਿਆਸੀ ਗਲਿਆਰਿਆਂ ’ਚ ਫੈਲੀ ਦਹਿਸ਼ਤ
ਜੀਤਾ ਮੌੜ ਦੇ ਗ੍ਰਿਫ਼ਤਾਰ ਹੋਣ ਨਾਲ ਕਈ ਸੱਤਾਧਾਰੀ ਨੇਤਾਵਾਂ ਦੇ ਸਿਆਸੀ ਗਲਿਆਰਿਆਂ ’ਚ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ ਕਿਉਂਕਿ ਜ਼ਿਆਦਾਤਰ ਸੱਤਾਧਾਰੀ ਨੇਤਾਵਾਂ ਨੇ ਜੀਤਾ ਮੌੜ ਦੇ ਰੀਅਲ ਅਸਟੇਟ ਦੇ ਕਾਰੋਬਾਰ ਵਿਚ ਆਪਣੇ ਪੈਸੇ ਇਨਵੈਸਟ ਕੀਤੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਕਾਂਗਰਸ ਨੇਤਾ ਜੋ ਅਕਸਰ ਵਿਵਾਦਾਂ ਵਿਚ ਰਹਿੰਦਾ ਹੈ, ਦਾ ਵੀ ਜੀਤਾ ਮੌੜ ਨਾਲ ਕਾਫੀ ‘ਪੁਰਾਣਾ ਯਾਰਾਨਾ’ ਹੈ। ਇ ਸ ਨੇਤਾ ਜੀ ਦੇ ਵੀ ਕਈ ਪੈਸੇ ਇਥੇ ਲੱਗੇ ਹੋਏ ਹਨ।
ਜਲੰਧਰ ਦਾ ਨਾਮੀ ਪ੍ਰਾਪਰਟੀ ਡੀਲਰ ਵੀ ਡਰੱਗਜ਼ ਸਮੱਗਲਰ ਜੀਤਾ ਦਾ ਪਾਰਟਨਰ
ਡਿਪਾਰਟਮੈਂਟ ਵਿਚ ਤਾਇਨਾਤ ਜਾਣਕਾਰ ਸੂਤਰਾਂ ਦੀ ਮੰਨੀਏ ਤਾਂ ਜੀਤਾ ਮੌੜ ਦਾ ਇਕ ਪਾਰਟਨਰ ਜਲੰਧਰ ਦਾ ਇਕ ਨਾਮੀ ਪ੍ਰਾਪਰਟੀ ਡੀਲਰ ਵੀ ਹੈ, ਜਿਸ ਦਾ ਨਾਂ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ। ਇਹ ਉਹੀ ਪ੍ਰਾਪਰਟੀ ਡੀਲਰ ਹੈ, ਜਿਸ ਕੋਲ ਰੋਜ਼ ਸ਼ਾਮ ਜ਼ਿਲੇ ਦੇ ਕਈ ਪੁਲਸ ਅਧਿਕਾਰੀ ਅਤੇ ਕਈ ਨੇਤਾ ਆ ਕੇ ਬੈਠਦੇ ਹਨ। ਉਕਤ ਪ੍ਰਾਪਰਟੀ ਡੀਲਰ ਖਾਣ-ਪੀਣ ਦੇ ਸ਼ੌਕੀਨ ਅਫਸਰਾਂ ਨੂੰ ਹਰ ਤਰੀਕੇ ਦੀ ਸਹੂਲਤ ਦੇਣ ਲਈ ਮਸ਼ਹੂਰ ਹੈ। ਉਕਤ ਪ੍ਰਾਪਰਟੀ ਡੀਲਰ ਨੇ ਕਈ ਅਫਸਰਾਂ ਦੇ ਪੈਸੇ ਵੀ ਇਨਵੈਸਟ ਕਰਵਾਏ ਹਨ। ਇਸ ਪ੍ਰਾਪਰਟੀ ਡੀਲਰ ਦੇ ਨਾਲ ਸ਼ਹਿਰ ਦੇ ਕਈ ਹੋਰ ਕਾਲੋਨਾਈਜ਼ਰ ਅਤੇ ਡੀਲਰ ਵੀ ਜੁੜੇ ਹੋਏ ਹਨ, ਜੋ ਆਪਣੀਆਂ ਫਾਈਲਾਂ ਅਤੇ ਕੰਮ ਇਸੇ ਪ੍ਰਾਪਰਟੀ ਡੀਲਰ ਰਾਹੀਂ ਕਢਵਾਉਂਦੇ ਹਨ। ਇੰਨਾ ਹੀ ਨਹੀਂ, ਇਸ ਪ੍ਰਾਪਰਟੀ ਡੀਲਰ ਦੀ ਪੁੱਡਾ ਸਮੇਤ ਕਾਰਪੋਰੇਸ਼ਨ ’ਚ ਸੈਟਿੰਗ ਹੋਣ ਕਾਰਨ ਇਹੀ ਡੀਲਰ ਕਾਲੋਨਾਈਜ਼ਰਾਂ ਦੀ ਅਫਸਰਾਂ ਨਾਲ ਸੈਟਿੰਗ ਕਰਵਾਉਣ ਦਾ ਕੰਮ ਕਰਦਾ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?