ਵਿਦੇਸ਼ੀ ਕੰਪਨੀਆਂ ਦੇ ਸਹਿਯੋਗ ਨਾਲ ਪੰਜਾਬ ''ਚ ਮੈਡੀਕਲ ਟੂਰਿਜ਼ਮ ਸਥਾਪਿਤ ਕਰੇ ਸਰਕਾਰ : ਕਰਨ ਰੰਧਾਵਾ

Wednesday, Sep 21, 2022 - 10:06 AM (IST)

ਵਿਦੇਸ਼ੀ ਕੰਪਨੀਆਂ ਦੇ ਸਹਿਯੋਗ ਨਾਲ ਪੰਜਾਬ ''ਚ ਮੈਡੀਕਲ ਟੂਰਿਜ਼ਮ ਸਥਾਪਿਤ ਕਰੇ ਸਰਕਾਰ : ਕਰਨ ਰੰਧਾਵਾ

ਚੰਡੀਗੜ੍ਹ (ਵਰੁਣ) : ਪੰਜਾਬ 'ਚ ਵਿਦੇਸ਼ੀ ਨਿਵੇਸ਼ ਸਬੰਧੀ ਪ੍ਰਚਾਰ ਕਰਨ ਵਾਸਤੇ ਬਣਾਈ ਹਾਈ ਪਾਵਰ ਇਨਵੈਸਟਮੈਂਟ ਕਮੇਟੀ ਦੇ ਮੈਂਬਰ ਕਰਨ ਰੰਧਾਵਾ ਨੇ 'ਜਗਬਾਣੀ' ਨਿਊਜ਼ ਬਿਓਰੋ ਨਾਲ ਵਿਚਾਰ ਸਾਂਝੇ ਕਰਦੇ ਹੋਇਆ ਦੱਸਿਆ ਕਿ ਇੱਥੇ ਸਹੂਲਤਾਂ ਦੀ ਕਮੀ ਕਾਰਨ ਲੋਕ ਮਹਿੰਗੇ ਇਲਾਜ ਲਈ ਵੱਖ-ਵੱਖ ਮੁਲਕਾਂ 'ਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਪੰਜਾਬੀਆਂ ਦੀ ਵੱਡੀ ਗਿਣਤੀ ਹੋਣ ਕਾਰਨ ਪੰਜਾਬ ਸਰਕਾਰ ਨੂੰ ਵਿਦੇਸ਼ੀ ਕੰਪਨੀ ਦੇ ਸਹਿਯੋਗ ਨਾਲ ਸੂਬੇ 'ਚ ਮੈਡੀਕਲ ਟੂਰਿਜ਼ਮ ਇੰਡਸਟਰੀ ਵਿਕਸਿਤ ਕਰਨੀ ਚਾਹੀਦਾ ਹੈ, ਜਿਸ ਨਾਲ ਪੰਜਾਬ 'ਚ ਟੂਰਿਜ਼ਮ ਇੰਡਸਟਰੀ ਨੂੰ ਵੱਡੇ ਪੱਧਰ 'ਤੇ ਹੁਲਾਰਾ ਮਿਲੇਗਾ।

ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਆਪਣਾ ਇਲਾਜ ਕਰਵਾਉਣ ਵਾਸਤੇ ਪੰਜਾਬ ਵੱਲ ਰੁਖ ਕਰਨਗੇ ਅਤੇ ਹੋਰ ਵਿਦੇਸ਼ੀ ਸੈਲਾਨੀ ਵੀ ਪੰਜਾਬ ਵੱਲ ਆਪਣਾ ਰੁਖ ਆਖਤਿਆਰ ਕਰਨਗੇl ਉਨ੍ਹਾਂ ਕਿਹਾ ਕਿ  ਪੰਜਾਬ 'ਚ ਮੈਡੀਕਲ ਦੀਆਂ ਘੱਟ ਸੀਟਾਂ ਹੋਣ ਕਾਰਨ ਵਿਦਿਆਰਥੀ ਬਾਹਰਲੇ ਮੁਲਕਾਂ ਜਾਂ ਹੋਰ ਸੂਬਿਆਂ ਵੱਲ ਰੁਖ ਕਰਦੇ ਹਨl ਕਰਨ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਿਦੇਸ਼ੀ ਕੰਪਨੀਆਂ ਦੇ ਸਹਿਯੋਗ ਨਾਲ ਸੂਬੇ 'ਚ ਵਿਸ਼ਵ ਪੱਧਰੀ ਹਸਪਤਾਲ ਅਤੇ ਮੈਡੀਕਲ ਯੂਨੀਵਰਸਿਟੀ ਸਥਾਪਿਤ ਕਰ ਸਕਦੀ ਹੈ।

ਇਸ ਨਾਲ ਪੰਜਾਬ 'ਚ ਵਿਦੇਸ਼ੀ ਸੈਲਾਨੀਆਂ ਦਾ ਰੁਖ ਸੂਬੇ ਵੱਲ ਵਧੇਗਾ ਹੀ ਨਾਲ ਹੀ ਪੰਜਾਬ ਦੀ ਆਰਥਿਕਤਾਂ ਨੂੰ ਬਲ ਮਿਲੇਗਾl ਕਰਨ ਰੰਧਾਵਾ ਨੇ ਦੱਸਿਆ ਪੰਜਾਬ 'ਚ ਵੱਡੇ ਪੱਧਰ 'ਤੇ ਨਿਵੇਸ਼ ਲਈ ਉਨ੍ਹਾਂ ਨਾਲ ਮੈਡੀਕਲ ਯੂਨੀਵਰਸਿਟੀ ਅਤੇ ਮਲਟੀ ਸਪੈਸ਼ੈਲਿਟੀ ਹਸਪਤਾਲ ਬਣਾਉਣ ਲਈ ਇੱਕ ਵਿਦੇਸ਼ੀ ਕੰਪਨੀ ਨੇ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦੀ ਭਗਵੰਤ ਮਾਨ ਸਰਕਾਰ ਇਸ ਪ੍ਰਪੋਜ਼ਲ ਨੂੰ ਸੰਜੀਦਗੀ ਨਾਲ ਵਿਚਾਰਦੀ ਹੈ ਤਾਂ ਭਵਿੱਖ 'ਚ ਪੰਜਾਬ 'ਚ ਵਿਦੇਸ਼ੀ ਨਿਵੇਸ਼ ਕਰਨ ਲਈ ਹੋਰ ਕੰਪਨੀਆਂ ਵੀ ਪ੍ਰੇਰਿਤ ਹੋਣਗੀਆਂ, ਜਿਸ ਦਾ ਸਿੱਧਾ ਲਾਭ ਪੰਜਾਬ ਦੀ ਆਰਥਿਕਤਾ ਨੂੰ ਮਿਲੇਗਾl


author

Babita

Content Editor

Related News