ਪਰਿਵਾਰਕ ਮੈਂਬਰਾਂ ਨੂੰ ਧਮਕਾ ਕੇ ਜ਼ਬਰਦਸਤੀ ਪੋਸਟਮਾਰਟਮ ਕਰਦੇ ਸਨ ਡਾ. ਭੱਲਾ
Thursday, Feb 08, 2018 - 07:43 AM (IST)

ਚੰਡੀਗੜ੍ਹ (ਸਾਜਨ) - ਪੀ. ਜੀ. ਆਈ. ਦੀ ਐਮਰਜੈਂਸੀ 'ਚ ਜਬਰੀ ਪੋਸਟਮਾਰਟਮ ਕੀਤੇ ਜਾਣ ਦੀ ਖੇਡ ਦਾ ਹੁਣ ਪਰਦਾਫਾਸ਼ ਹੋਣ ਦੀ ਉਮੀਦ ਬੰਧ ਗਈ ਹੈ। ਐਮਰਜੈਂਸੀ 'ਚ ਮਰੀਜ਼ਾਂ ਨੂੰ ਧਮਕਾ ਕੇ ਪੋਸਟਮਾਰਟਮ ਦੀ ਕਾਰਵਾਈ ਕਰਨ ਵਾਲੇ ਡਾ. ਆਸ਼ੀਸ਼ ਭੱਲਾ ਨੂੰ ਐਮਰਜੈਂਸੀ ਇੰਚਾਰਜ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਸਦੀ ਤਾਇਨਾਤੀ ਕਿਤੇ ਹੋਰ ਕਰ ਦਿੱਤੀ ਗਈ ਹੈ। ਇਹ ਕੋਈ ਇਕ ਮਾਮਲਾ ਨਹੀਂ ਸੀ, ਜਿਸ 'ਚ ਐਮਰਜੈਂਸੀ ਇੰਚਾਰਜ 'ਤੇ ਦੋਸ਼ ਲੱਗੇ ਸਨ। ਹੋਰ ਕਈ ਮਾਮਲਿਆਂ 'ਚ ਵੀ ਉਨ੍ਹਾਂ 'ਤੇ ਮਰੀਜ਼ਾਂ ਨਾਲ ਮਾੜਾ ਵਿਵਹਾਰ ਕਰਨ ਅਤੇ ਧਮਕਾਉਣ ਦੇ ਦੋਸ਼ ਲਗਦੇ ਰਹੇ ਹਨ। ਇਸ ਨਾਲ ਨਾ ਸਿਰਫ ਸੰਸਥਾਨ, ਸਗੋਂ ਦੇਵਤਾ ਵਾਲੇ ਡਾਕਟਰਾਂ ਦੇ ਅਕਸ ਨੂੰ ਵੀ ਜ਼ਬਰਦਸਤ ਨੁਕਸਾਨ ਪਹੁੰਚ ਰਿਹਾ ਸੀ। ਨਵਾਂਗ੍ਰਾਓਂ ਵਾਸੀ ਸ਼ੰਕਰ ਦੇ 59 ਸਾਲਾ ਪਿਤਾ ਬਿਸ਼ਨ ਸਿੰਘ ਦਾ ਉਨ੍ਹਾਂ ਵਲੋਂ ਮਨਾ ਕੀਤੇ ਜਾਣ ਦੇ ਬਾਵਜੂਦ ਵੀ ਪੋਸਟਮਾਰਟਮ ਕੀਤਾ ਗਿਆ ਸੀ। ਉਹ ਡਾਕਟਰ ਖਿਲਾਫ ਇੰਨੀ ਹਲਕੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰੀ ਦੀ ਐਥਿਕਸ ਨੂੰ ਫਜ਼ੂਲ ਦੱਸਣ ਵਾਲੇ ਡਾਕਟਰ ਖਿਲਾਫ ਸਖਤ ਕਾਰਵਾਈ (ਘੱਟੋ-ਘੱਟ ਸਸਪੈਂਸ਼ਨ) ਹੋਣੀ ਚਾਹੀਦੀ, ਨਹੀਂ ਤਾਂ ਇਹ ਦੂਜੀ ਤਾਇਨਾਤੀ ਵਾਲੀ ਥਾਂ ਵੀ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਇਹੋ ਰਵੱਈਆ ਅਖਤਿਆਰ ਕਰਨਗੇ। ਪੀ. ਜੀ. ਆਈ. ਦੀ ਐਮਰਜੰਸੀ 'ਚ ਕੁਝ ਸਮਾਂ ਪਹਿਲਾਂ ਕਈ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਜਬਰੀ ਪੋਸਟਮਾਰਟਮ ਕੀਤੇ ਜਾਣ ਦਾ ਖੁਲਾਸਾ ਹੋਇਆ ਸੀ। ਐਮਰਜੈਂਸੀ ਦੇ ਇੰਚਾਰਜ ਰਹੇ ਡਾ. ਆਸ਼ੀਸ਼ ਭੱਲਾ 'ਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਧਮਕਾਉਂਦੇ ਅਤੇ ਐੱਮ. ਐੱਲ. ਸੀ. ਕੇਸ ਨਾ ਹੋਣ ਦੇ ਬਾਵਜੂਦ ਵੀ ਜਬਰੀ ਪੋਸਟਮਾਰਟਮ ਕਰਨ ਦੇ ਦੋਸ਼ ਲੱਗੇ ਸਨ। ਇਸਦੀ ਸ਼ਿਕਾਇਤ ਕੇਂਦਰੀ ਸਿਹਤ ਮੰਤਰਾਲੇ ਅਤੇ ਪ੍ਰਾਈਮ ਮਨਿਸਟਰ ਆਫਿਸ ਤਕ ਵੀ ਪਹੁੰਚੀ ਸੀ। ਪੀ. ਐੱਮ. ਓ. ਨੇ ਇਸ 'ਤੇ ਕਾਰਵਾਈ ਕਰਦੇ ਹੋਏ ਪੀ. ਜੀ. ਆਈ. ਤੋਂ ਜਵਾਬ ਮੰਗਿਆ ਸੀ।
ਸ਼ਿਕਾਇਤਕਰਤਾ ਸ਼ੰਕਰ ਨੂੰ ਕਰੀਬ ਹਫਤਾ ਭਰ ਪਹਿਲਾਂ ਪੀ. ਐੱਮ. ਓ. ਵਲੋਂ ਪੱਤਰ ਪਾਇਆ ਗਿਆ ਅਤੇ ਫੋਨ ਕਰਕੇ ਇਸ ਬਾਬਤ ਪੁੱਛਿਆ ਗਿਆ ਪਰ ਸ਼ੰਕਰ ਨੇ ਕਿਹਾ ਕਿ ਡਾ. ਆਸ਼ੀਸ਼ ਭੱਲਾ ਦੇ ਖਿਲਾਫ ਤਾਂ ਹਾਲੇ ਤਕ ਕੋਈ ਕਾਰਵਾਈ ਨਹੀਂ ਹੋਈ, ਜਿਸਦੇ ਬਾਅਦ ਪੀ. ਐੱਮ. ਓ. ਆਫਿਸ ਤੋਂ ਸਖਤ ਰਵੱਈਆ ਅਪਣਾਇਆ ਗਿਆ ਅਤੇ ਸੰਸਥਾਨ ਦੇ ਆਲ੍ਹਾ ਅਧਿਕਾਰੀਆਂ ਨੂੰ ਡਾਕਟਰ ਦੇ ਖਿਲਾਫ ਕਾਰਵਾਈ ਲਈ ਲਿਖਿਆ। ਇਸਦੇ ਬਾਅਦ ਪੀ. ਜੀ. ਆਈ. ਪ੍ਰਸ਼ਾਸਨ ਨੇ ਡਾ. ਆਸ਼ੀਸ਼ ਭੱਲਾ ਨੂੰ ਐਮਰਜੈਂਸੀ ਇੰਚਾਰਜ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।
ਆਟੋਪਸੀ ਦੌਰਾਨ ਅਕੈਡਮਿਕ ਐਕਟੀਵਿਟੀ ਲਈ ਕਈ ਅੰਗ ਕੱਢੇ ਜਾਂਦੇ ਹਨ : ਡਾ. ਡੀ. ਬਹਰਾ
ਪੀ. ਜੀ. ਆਈ. 'ਚ ਪਬਲਿਕ ਗ੍ਰੀਵੈਂਸ ਕਮੇਟੀ ਦੇ ਚੇਅਰਮੈਨ ਡਾ. ਡੀ. ਬਹਿਰਾ ਮੁਤਾਬਕ ਸੰਸਥਾਨ 'ਚ ਅਕੈਡਮਿਕ ਪਰਪਜ਼ ਲਈ ਹੀ ਆਟੋਪਸੀ ਹੁੰਦੀ ਹੈ। ਇਸ ਤਰ੍ਹਾਂ ਦਾ ਵਿਵਾਦ ਜ਼ਿਆਦਾਤਰ ਬ੍ਰ੍ਰਾੱਟ ਡੈੱਡ ਮਰੀਜ਼ਾਂ ਦੇ ਮਾਮਲੇ 'ਚ ਆਉਂਦਾ ਹੈ। ਕੁਝ ਸ਼ਿਕਾਇਤਾਂ ਇਸ ਤਰ੍ਹਾਂ ਦੀਆਂ ਆਈਆਂ ਹਨ ਪਰ ਜਬਰੀ ਪੋਸਟਮਾਰਟਮ ਕਿਸੇ ਦਾ ਨਹੀਂ ਕੀਤਾ ਜਾਂਦਾ। ਪਹਿਲਾਂ ਪਰਿਵਾਰਕ ਮੈਂਬਰਾਂ ਤੋਂ ਰਜ਼ਾਮੰਦੀ ਲਈ ਜਾਂਦੀ ਹੈ। ਕੁਝ ਮਰੀਜ਼ਾਂ 'ਚ ਮੌਤ ਦਾ ਕਾਰਨ ਡਾਕਟਰਾਂ ਨੂੰ ਵੀ ਪਤਾ ਨਹੀਂ ਲਗਦਾ। ਆਟੋਪਸੀ ਨਾਲ ਪਤਾ ਲਾਇਆ ਜਾਂਦਾ ਹੈ ਕਿ ਮੌਤ ਦਾ ਕਾਰਨ ਕੀ ਸੀ। ਕਿਤੇ ਜੈਨੇਟਿਕ ਫੈਕਟ ਤਾਂ ਨਹੀਂ ਜਾਂ ਕੋਈ ਹੋਰ ਇਨਫੈਕਸ਼ਨ ਤਾਂ ਨਹੀਂ। ਇਸ ਤਰ੍ਹਾਂ ਦੀ ਸਟੱਡੀ ਨਾਲ ਸਮਾਜ ਅਤੇ ਪਰਿਵਾਰਕ ਮੈਂਬਰਾਂ ਦਾ ਹੀ ਫਾਇਦਾ ਹੈ। ਸੰਸਥਾਨ 'ਚ ਇਹ ਅਕੈਡਮਿਕ ਐਕਟੀਵਿਟੀ ਲਗਾਤਾਰ ਚਲਦੀ ਰਹਿੰਦੀ ਹੈ। ਹੁਣ ਤਕ ਸੰਸਥਾਨ ਬਣਨ ਦੇ ਬਾਅਦ ਤੋਂ ਪੀ. ਜੀ. ਆਈ. 28 ਹਜ਼ਾਰ ਆਟੋਪਸੀ ਕਰ ਚੁੱਕਾ ਹੈ।
ਪੀ. ਜੀ. ਆਈ. ਨੇ ਜਬਰੀ ਪੋਸਟਮਾਰਟਮ ਨਾ ਕਰਨ ਦਾ ਜਾਰੀ ਕੀਤਾ ਸੀ ਸਰਕੂਲਰ
ਪਹਿਲਾਂ ਪੀ. ਜੀ. ਆਈ. ਦੇ ਨੋਟਿਸ 'ਚ ਜਦੋਂ ਇਹ ਮਾਮਲਾ ਆਇਆ ਸੀ ਤਾਂ ਇਸ ਬਾਬਤ ਡਾਇਰੈਕਟਰ ਵਲੋਂ ਸਾਰੇ ਵਿਭਾਗਾਂ ਦੇ ਪ੍ਰਧਾਨਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਦੇ ਬਿਨਾਂ ਬਿਲਕੁਲ ਵੀ ਪੋਸਟਮਾਰਟਮ ਨਾ ਕੀਤਾ ਜਾਏ। ਡਾਇਰੈਕਟਰ ਪ੍ਰੋ. ਜਗਤਰਾਮ ਨੇ ਵੀ ਜਬਰੀ ਪੋਸਟਮਾਰਟਮ ਕਰਨ ਨੂੰ ਪੁੱਛਣ 'ਤੇ ਗਲਤ ਦੱਸਿਆ ਸੀ ਅਤੇ ਇਸ ਮਾਮਲੇ ਦੀ ਇਨਕੁਆਰੀ ਕਰਵਾਉਣ ਦਾ ਭਰੋਸਾ ਦਿੱਤਾ ਸੀ। ਹੁਣ ਸਵਾਲ ਇਹ ਖੜ੍ਹੇ ਹੋ ਰਹੇ ਹਨ ਕਿ ਪੀ. ਜੀ. ਆਈ. 'ਚ ਜਬਰੀ ਪੋਸਟਮਾਰਟਮ ਕਰਨ ਦੀ ਇਹ ਖੇਡ ਕਦੋਂ ਤੋਂ ਚੱਲ ਰਹੀ ਹੈ ਕਿਉਂਕਿ ਡਾ. ਆਸ਼ੀਸ਼ ਭੱਲਾ ਤਾਂ ਬੀਤੇ ਕਈ ਸਾਲਾਂ ਤੋਂ ਐਮਰਜੈਂਸੀ ਦੇ ਇੰਚਾਰਜ ਦਾ ਜਿੰਮਾ ਸੰਭਾਲੇ ਸਨ। ਕੀ ਸੰਸਥਾਨ ਦੇ ਡਾਇਰੈਕਟਰਾਂ ਜਾਂ ਹੋਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਬਰੀ ਪੋਸਟਮਾਰਟਮ ਕਰਨ ਦੇ ਆਦੇਸ਼ ਦਿੱਤੇ ਸਨ ਜਾਂ ਉਹ ਖੁਦ ਹੀ ਇਸ ਪ੍ਰੈਕਟਿਸ 'ਚ ਸ਼ਾਮਲ ਸਨ? ਪੋਸਟਮਾਰਟਮ ਦੌਰਾਨ ਮ੍ਰਿਤਕ ਸਰੀਰ 'ਚੋਂ ਅੰਗ ਕੱਢਣ ਦੀ ਵੀ ਪੀ. ਜੀ. ਆਈ. ਨੂੰ ਸ਼ਿਕਾਇਤ ਮਿਲਦੀ ਰਹਿੰਦੀ ਹੈ।
ਗਲੇ ਦੇ ਕੈਂਸਰ ਦੇ ਮਰੀਜ਼ ਦਾ ਮਰਨ 'ਤੇ ਕਰ ਦਿੱਤਾ ਸੀ ਜਬਰੀ ਪੋਸਟਮਾਰਟਮ
ਨਵਾਂਗ੍ਰਾਓਂ ਦੇ ਸ਼ੰਕਰ ਦੇ ਪਿਤਾ ਬਿਸ਼ਨ ਸਿੰਘ (59) ਦਾ ਕਰੀਬ ਪਿਛਲੇ ਦੋ ਸਾਲਾਂ ਤੋਂ ਪੀ. ਜੀ. ਆਈ. 'ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ ਗਲੇ ਦਾ ਕੈਂਸਰ ਸੀ। 1 ਜੂਨ 2017 ਨੂੰ ਉਨ੍ਹਾਂ ਦੀ ਤਬੀਅਤ ਵਿਗੜੀ ਤਾਂ ਉਨ੍ਹਾਂ ਨੂੰ ਸ਼ੰਕਰ ਤੁਰੰਤ ਪੀ. ਜੀ. ਆਈ. ਦੀ ਐਮਰਜੈਂਸੀ 'ਚ ਲੈ ਗਏ। ਇਥੇ ਜੂਨੀਅਰ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ਼ੰਕਰ ਪਿਤਾ ਦੀ ਲਾਸ਼ ਨੂੰ ਘਰ ਲੈ ਜਾਣ ਦੀ ਤਿਆਰੀ ਕਰਨ ਲੱਗਾ ਤਾਂ ਮੌਕੇ 'ਤੇ ਐਮਰਜੈਂਸੀ ਦੇ ਇੰਚਾਰਜ ਡਾ. ਆਸ਼ੀਸ਼ ਭੱਲਾ ਪਹੁੰਚ ਗਏ।
ਉਨ੍ਹਾਂ ਜੂਨੀਅਰ ਡਾਕਟਰ ਤੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਲਾਸ਼ ਦਾ ਪਹਿਲਾਂ ਪੋਸਟਮਾਰਟਮ ਹੋਵੇਗਾ, ਤਾਂ ਹੀ ਪਰਿਵਾਰਕ ਮੈਂਬਰ ਬਾਡੀ ਲਿਜਾ ਸਕਦੇ ਹਨ। ਬੇਟੇ ਸ਼ੰਕਰ ਨੇ ਮਨ੍ਹਾ ਕੀਤਾ ਕਿ ਉਨ੍ਹਾਂ ਪੋਸਟਮਾਰਟਮ ਨਹੀਂ ਕਰਵਾਉਣਾ ਹੈ ਪਰ ਬਾਵਜੂਦ ਇਸਦੇ ਡਾ. ਆਸ਼ੀਸ਼ ਭੱਲਾ ਨੇ ਬੇਟੇ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਤਾਂ ਠੀਕ ਹੈ ਅਸੀਂ ਪੁਲਸ ਨੂੰ ਕੇਸ ਦੇ ਦਿੰਦੇ ਹਾਂ, ਉਹ ਐੱਫ. ਆਈ. ਆਰ. ਦਰਜ ਕਰ ਲੈਣਗੇ ਅਤੇ ਇਸਦੇ ਬਾਅਦ ਅਸੀਂ ਪੋਸਟਮਾਰਟਮ ਕਰ ਦੇਵਾਂਗੇ। ਸ਼ੰਕਰ ਨੇ ਦੁਹਾਈ ਦਿੱਤੀ ਕਿ ਪਿਛਲੇ ਦੋ ਸਾਲਾਂ ਤੋਂ ਉਸਦੇ ਪਿਤਾ ਦਾ ਸੰਸਥਾਨ 'ਚ ਹੀ ਇਲਾਜ ਚੱਲ ਰਿਹਾ ਸੀ। ਉਨ੍ਹਾਂ ਡਾ. ਆਸ਼ੀਸ਼ ਨੂੰ ਕਾਗਜ਼ ਵੀ ਦਿਖਾਏ, ਨਾਲ ਹੀ ਕਿਹਾ ਕਿ ਕੈਂਸਰ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ, ਕੋਈ ਐਕਸੀਡੈਂਟ ਆਦਿ ਨਹੀਂ ਹੈ। ਮੈਂ ਮਾਮਲੇ 'ਚ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਕਰਨਾ ਚਾਹੁੰਦਾ ਪਰ ਬਾਵਜੂਦ ਇਸਦੇ ਡਾ. ਭੱਲਾ ਨੇ ਜਬਰੀ ਲਾਸ਼ ਨੂੰ ਮੋਰਚਰੀ ਨੂੰ ਭਿਜਵਾ ਕੇ ਪੋਸਟਮਾਰਟਮ ਕਰਵਾ ਦਿੱਤਾ। ਸੂਤਰਾਂ ਮੁਤਾਬਕ ਸੰਸਥਾਨ ਦੇ ਇਨਕੁਆਰੀ ਕਰਨ 'ਤੇ ਨੋਟਿਸ 'ਚ ਇਸੇ ਤਰ੍ਹਾਂ ਦੇ ਕੁਝ ਹੋਰ ਕੇਸ ਸਾਹਮਣੇ ਆਏ। ਸ਼ੰਕਰ ਨੇ ਬਾਅਦ 'ਚ ਇਸਦੀ ਸ਼ਿਕਾਇਤ ਪੀ. ਜੀ. ਆਈ. ਪ੍ਰਸ਼ਾਸਨ ਨੂੰ ਦਿੱਤੀ। ਜਿਸਦੇ ਬਾਅਦ ਸਰਕੂਲਰ ਜਾਰੀ ਕੀਤਾ ਗਿਆ। ਸ਼ੰਕਰ ਨੇ ਪੀ. ਐੱਮ. ਓ. ਅਤੇ ਕੇਂਦਰੀ ਸਿਹਤ ਮੰਤਰਾਲੇ ਨੂੰ ਵੀ ਸ਼ਿਕਾਇਤ ਭੇਜੀ। ਪੀ. ਐੱਮ. ਓ. ਨੇ ਪੀ. ਜੀ. ਆਈ. ਤੋਂ ਇਸ ਬਾਬਤ ਜਵਾਬ ਮੰਗਿਆ, ਜਿਸ 'ਤੇ ਸੰਸਥਾਨ ਦੀ ਪਬਲਿਕ ਰਿਲੇਸ਼ਨ ਅਫਸਰ ਮੰਜੂ ਵਡਵਾਲਕਰ ਨੇ ਲਿਖਤੀ ਜਵਾਬ ਵੀ ਭੇਜਿਆ, ਜਿਸਦੀ ਕਾਪੀ ਸ਼ਿਕਾਇਤਕਰਤਾ ਸ਼ੰਕਰ ਕੋਲ ਵੀ ਭੇਜੀ ਗਈ। ਸ਼ੰਕਰ ਨੇ ਦੱਸਿਆ ਕਿ ਪੀ. ਜੀ. ਆਈ. ਦੀ ਪੰਜਵੀਂ ਫਲੋਰ ਤੋਂ ਜਦੋਂ ਉਹ ਆਟੋਪਸੀ ਦੀ ਰਿਪੋਰਟ ਲੈਣ ਗਿਆ ਸੀ ਤਾਂ ਉਨ੍ਹਾਂ ਨੂੰ ਉਥੇ ਵੀ ਹੋਰਨਾਂ ਡਾਕਟਰਾਂ ਤੇ ਅਧਿਕਾਰੀਆਂ ਨੇ ਕਿਹਾ ਕਿ ਜਬਰੀ ਪੋਸਟਮਾਰਟਮ ਕਰਨਾ ਜੁਰਮ ਹੈ। ਪਹਿਲਾਂ ਵੀ ਕਈ ਮਰੀਜ਼ ਇਸ ਤਰ੍ਹਾਂ ਦੀ ਸ਼ਿਕਾਇਤ ਕਰਦੇ ਰਹੇ ਹਨ।