ਪਹਿਲੀ ਵਾਰ ਲੋਕ ਸਭਾ ਚੋਣਾਂ ’ਚ ਚਹੁੰਤਰਫ਼ਾ ਮੁਕਾਬਲਾ, ਦਿਲਚਸਪ ਹੋਣਗੇ ਨਤੀਜੇ

Friday, May 10, 2024 - 06:52 PM (IST)

ਪਹਿਲੀ ਵਾਰ ਲੋਕ ਸਭਾ ਚੋਣਾਂ ’ਚ ਚਹੁੰਤਰਫ਼ਾ ਮੁਕਾਬਲਾ, ਦਿਲਚਸਪ ਹੋਣਗੇ ਨਤੀਜੇ

ਚੰਡੀਗੜ੍ਹ (ਹਰੀਸ਼ ਚੰਦਰ) : ਪੰਜਾਬ ’ਚ ਪਹਿਲੀ ਵਾਰ ਲੋਕ ਸਭਾ ਚੋਣਾਂ ’ਚ ਚਹੁੰਤਰਫ਼ਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਪਹਿਲੀ ਵਾਰ ਇੰਨੀ ਵੱਡੀ ਚੋਣ ਲੜ ਰਹੀ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਵੱਡੀਆਂ ਪਾਰਟੀਆਂ ਜ਼ਮੀਨ ’ਤੇ ਆਪਣੀ ਪਕੜ ਹੋਣ ਦਾ ਦਾਅਵਾ ਕਰਦੀਆਂ ਹਨ, ਇਸ ਦੇ ਬਾਵਜੂਦ ਕਈ ਹਲਕਿਆਂ ’ਚ ਲੋਕ ਸਭਾ ਉਮੀਦਵਾਰ ਚੁਣਨ ਲਈ ਉਨ੍ਹਾਂ ਨੂੰ ਦੂਜੀਆਂ ਪਾਰਟੀਆਂ ਵੱਲ ਦੇਖਣਾ ਪੈ ਰਿਹਾ ਹੈ। ਪੰਜਾਬ ’ਚ ਭਾਜਪਾ ਦੇ ਸਾਰੇ 13 ਉਮੀਦਵਾਰ ਨਵੇਂ ਹਨ, ਜਿਨ੍ਹਾਂ ’ਚੋਂ ਕਈ ਹੋਰ ਪਾਰਟੀਆਂ ਤੋਂ ਆਏ ਹਨ। ਦੂਜੀਆਂ ਪਾਰਟੀਆਂ ਤੋਂ ਆਏ ਇਹ ‘ਉਧਾਰ ਦੇ ਉਮੀਦਵਾਰ’ ਆਪਣੀਆਂ ਨਵੀਆਂ ਪਾਰਟੀਆਂ ਦਾ ਬੇੜਾ ਪਾਰ ਕਰਨ ’ਚ ਕਿੰਨੇ ਕੁ ਕਾਮਯਾਬ ਹੋਣਗੇ, ਇਹ ਚੋਣ ਨਤੀਜੇ ਆਉਣ ਤੋਂ ਬਾਅਦ ਸਪੱਸ਼ਟ ਹੋਵੇਗਾ। ਭਾਜਪਾ ਦੀ ਸਥਿਤੀ ਕਿਸੇ ਤੋਂ ਲੁਕੀ ਨਹੀਂ ਹੈ। ਭਾਵੇਂ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਹਰ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ’ਚ ਇਸ ਦੀ ਮੌਜੂਦਗੀ ਬਣੀ ਰਹੀ ਹੈ ਪਰ ਇਹ ਬਹੁਤ ਹੀ ਸੀਮਤ ਸੀਟਾਂ ’ਤੇ ਚੋਣ ਲੜਦੀ ਸੀ। ਪਹਿਲੀ ਵਾਰ ਉਹ ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਚੋਣ ਲੜਨ ਜਾ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਇਕਲੌਤੀ ਅਜਿਹੀ ਪਾਰਟੀ ਹੈ, ਜਿਸ ਦੇ ਚੋਣ ਨਿਸ਼ਾਨ ’ਤੇ ਸਭ ਤੋਂ ਵੱਧ ਮੌਜੂਦਾ ਸੰਸਦ ਮੈਂਬਰ ਚੋਣ ਲੜ ਰਹੇ ਹਨ। ਪਿਛਲੀਆਂ ਚੋਣਾਂ ’ਚ ਭਾਜਪਾ ਵੱਲੋਂ ਜਿੱਤ ਕੇ ਸੰਸਦ ਮੈਂਬਰ ਬਣੇ ਸੰਨੀ ਦਿਓਲ ਤੇ ਸੋਮ ਪ੍ਰਕਾਸ਼ ਦੋਵਾਂ ਦੀ ਟਿਕਟ ਪਾਰਟੀ ਨੇ ਇਸ ਵਾਰ ਕੱਟ ਦਿੱਤੀ ਹੈ। ਸੋਮ ਪ੍ਰਕਾਸ਼ ਤਾਂ ਆਪਣੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਹਲਕੇ ਤੋਂ ਟਿਕਟ ਦਿਵਾਉਣ ’ਚ ਕਾਮਯਾਬ ਰਹੇ।

ਇਹ ਖ਼ਬਰ ਵੀ ਪੜ੍ਹੋ : ਕੇਂਦਰ ਤੋਂ ਇਕ-ਇਕ ਪੈਸਾ ਵਸੂਲ ਕੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ : ਭਗਵੰਤ ਮਾਨ

ਦੂਜੇ ਪਾਸੇ ਭਾਜਪਾ ਦੇ 3 ਉਮੀਦਵਾਰ ਦੂਜੀਆਂ ਪਾਰਟੀਆਂ ਤੋਂ ਆਏ ਮੌਜੂਦਾ ਸੰਸਦ ਮੈਂਬਰ ਹਨ। ਇਨ੍ਹਾਂ ’ਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਜਲੰਧਰ ਤੋਂ, ਕਾਂਗਰਸ ਤੋਂ ਆਏ ਰਵਨੀਤ ਬਿੱਟੂ ਲੁਧਿਆਣਾ ਅਤੇ ਪ੍ਰਨੀਤ ਕੌਰ ਪਟਿਆਲਾ ਤੋਂ ਉਮੀਦਵਾਰ ਹਨ। ਇਸ ਤੋਂ ਇਲਾਵਾ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਰਹੇ ਹੰਸ ਰਾਜ ਹੰਸ ਨੂੰ ਪਾਰਟੀ ਨੇ ਇਸ ਵਾਰ ਫ਼ਰੀਦਕੋਟ ਤੋਂ ਉਮੀਦਵਾਰ ਬਣਾਇਆ ਹੈ। ਪਿਛਲੇ ਕੁਝ ਸਮੇਂ ਦੌਰਾਨ ਹੋਰਨਾਂ ਪਾਰਟੀਆਂ ਤੋਂ ਭਾਜਪਾ ’ਚ ਸ਼ਾਮਲ ਹੋ ਕੇ ਟਿਕਟਾਂ ਹਾਸਲ ਕਰਨ ਵਾਲਿਆਂ ’ਚ ਖਡੂਰ ਸਾਹਿਬ ਤੋਂ ਉਮੀਦਵਾਰ ਮਨਜੀਤ ਸਿੰਘ ਮੰਨਾ ਅਕਾਲੀ ਦਲ, ਸੰਗਰੂਰ ਤੋਂ ਅਰਵਿੰਦ ਖੰਨਾ ਤੇ ਫ਼ਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਕਾਂਗਰਸ ਤੋਂ ਭਾਜਪਾ ’ਚ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਤਰਨਜੀਤ ਸਿੰਘ ਸੰਧੂ ਅਮਰੀਕਾ ’ਚ ਰਾਜਦੂਤ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਅੰਮ੍ਰਿਤਸਰ ਤੋਂ ਤੇ ਪਰਮਪਾਲ ਕੌਰ ਮਲੂਕਾ ਆਈ.ਏ. ਐੱਸ. ਅਫ਼ਸਰ ਵਜੋਂ ਅਸਤੀਫਾ ਦੇਣ ਤੋਂ ਬਾਅਦ ਬਠਿੰਡਾ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪਿਆਰ ਦੀਆਂ ਪੀਂਘਾਂ ਪਾ ਗਰਭਵਤੀ ਕੀਤੀ 18 ਸਾਲਾ ਕੁੜੀ, ਫਿਰ ਜੋ ਹੋਇਆ ਨਹੀਂ ਹੋਵੇਗਾ ਯਕੀਨ

ਇਸ ਕੜੀ ਵਿਚ ਮਹਿੰਦਰ ਸਿੰਘ ਕੇ.ਪੀ. ਨੂੰ ਅਕਾਲੀ ਦਲ ਨੇ ਜਲੰਧਰ ਤੋਂ ਪਾਰਟੀ ਉਮੀਦਵਾਰ ਬਣਾਇਆ ਹੈ, ਜੋ ਲੰਬੇ ਸਮੇਂ ਤੋਂ ਕਾਂਗਰਸ ਵਿਚ ਸਨ। ਉਹ ਕਾਂਗਰਸ ਸਰਕਾਰ ’ਚ ਮੰਤਰੀ ਤੇ ਲੋਕ ਸਭਾ ਮੈਂਬਰ ਵੀ ਰਹਿ ਚੁੱਕੇ ਹਨ। ਟਿਕਟ ਕੱਟੀ ਤਾਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸੰਪਰਕ ਕੀਤਾ। ਬਾਦਲ ਨੇ ਉਨ੍ਹਾਂ ਦੇ ਘਰ ਜਾ ਕੇ ਨਾ ਸਿਰਫ਼ ਅਕਾਲੀ ਦਲ ’ਚ ਸ਼ਾਮਲ ਕੀਤਾ ਸਗੋਂ ਮੌਕੇ ’ਤੇ ਹੀ ਟਿਕਟ ਦੇਣ ਦਾ ਐਲਾਨ ਵੀ ਕਰ ਦਿੱਤਾ। ਇਸ ਤੋਂ ਇਲਾਵਾ ਅਨਿਲ ਜੋਸ਼ੀ ਵੀ ਅਕਾਲੀ ਦਲ ਦੇ ਉਮੀਦਵਾਰ ਹਨ, ਜੋ ਅਗਸਤ 2021 ’ਚ ਭਾਜਪਾ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਏ ਸਨ। ਕਾਂਗਰਸ ਨੇ ਵੀ ਬਠਿੰਡਾ ’ਚ ਜਿਸ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਬਣਾਇਆ ਹੈ, ਉਹ ਪਿਛਲੇ ਸਾਲ ਕਰੀਬ 9 ਸਾਲਾਂ ਬਾਅਦ ਅਕਾਲੀ ਦਲ ਤੋਂ ਕਾਂਗਰਸ ’ਚ ਵਾਪਸ ਆਏ ਸਨ। ਇਸੇ ਤਰ੍ਹਾਂ ਪਟਿਆਲਾ ’ਚ ਕਾਂਗਰਸ ਨੇ ਸਾਬਕਾ ‘ਆਪ’ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਹੈ, ਜਿਨ੍ਹਾਂ ਨੇ ਸਰਗਰਮ ਸਿਆਸਤ ਤੋਂ ਦੂਰੀ ਬਣਾ ਲਈ ਸੀ। ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਵੀ ਅਕਾਲੀ ਦਲ ਛੱਡ ਕੇ 2022 ’ਚ ਕਾਂਗਰਸ ’ਚ ਸ਼ਾਮਲ ਹੋਏ ਸਨ। ਆਮ ਆਦਮੀ ਪਾਰਟੀ ਵੀ ਚੋਣਾਂ ਮੌਕੇ ਪਾਰਟੀ ਬਦਲਣ ਵਾਲਿਆਂ ਨੂੰ ਟਿਕਟਾਂ ਦੇਣ ’ਚ ਪਿੱਛੇ ਨਹੀਂ ਰਹੀ। ‘ਆਪ’ ਨੇ ਹੁਸ਼ਿਆਰਪੁਰ ਤੋਂ ਕਾਂਗਰਸੀ ਵਿਧਾਇਕ ਡਾ.ਰਾਜ ਕੁਮਾਰ ਚੱਬੇਵਾਲ ਨੂੰ ਪਾਰਟੀ ’ਚ ਸ਼ਾਮਲ ਕਰ ਕੇ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਟਿਕਟ ਦੇਣ ਤੋਂ ਠੀਕ ਪਹਿਲਾਂ ‘ਆਪ’ ’ਚ ਸ਼ਾਮਲ ਕੀਤਾ ਗਿਆ। ਅਕਾਲੀ ਦਲ ਤੋਂ ‘ਆਪ’ ’ਚ ਸ਼ਾਮਲ ਹੋਏ ਪਵਨ ਟੀਨੂੰ ਨੂੰ ਵੀ ‘ਆਪ’ ਨੇ ਜਲੰਧਰ ਤੋਂ ਉਮੀਦਵਾਰ ਬਣਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ਮੈਨੂੰ ਬੋਲਣ ਦੀ ਲੋੜ ਨਹੀਂ, ਜਨਤਾ ਦੀ ਆਵਾਜ਼ ਹੀ ਦੱਸਦੀ ਹੈ ਕਿ ‘ਆਪ’ 13-0 ਨਾਲ ਜਿੱਤੇਗੀ : ਭਗਵੰਤ ਮਾਨ 

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News