ਅਹਿਮ ਖ਼ਬਰ: ਮਹਿੰਗਾ ਹੋ ਸਕਦੈ ਰੇਲ ਸਫ਼ਰ ਦੌਰਾਨ ਖਾਣਾ-ਪੀਣਾ, ਵਿਭਾਗ ਵੱਲੋਂ ਰੇਟ ਵਧਾਉਣ ਦੀ ਤਿਆਰੀ

11/26/2022 10:22:15 PM

ਲੁਧਿਆਣਾ (ਗੌਤਮ) : ਲਗਾਤਾਰ ਵੱਧ ਰਹੀ ਮਹਿੰਗਾਈ ਕਾਰਨ ਆਉਣ ਵਾਲੇ ਸਮੇਂ 'ਚ ਰੇਲ ਯਾਤਰੀਆਂ ਨੂੰ ਸਫ਼ਰ ਦੌਰਾਨ ਖਾਣ-ਪੀਣ ਦੀਆਂ ਵਸਤੂਆਂ ਦੀ ਵੱਧ ਕੀਮਤ ਚੁਕਾਉਣੀ ਪੈ ਸਕਦੀ ਹੈ। ਉੱਤਰੀ ਰੇਲਵੇ ਵੱਲੋਂ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਧਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਲਈ ਉੱਤਰੀ ਰੇਲਵੇ 'ਚ ਜ਼ੋਨ ਪੱਧਰ 'ਤੇ ਸਾਰੀਆਂ ਡਵੀਜ਼ਨਾਂ ਦੇ ਅਧਿਕਾਰੀਆਂ ਨੂੰ ਮਾਰਕੀਟ ਰੇਟਾਂ ਬਾਰੇ ਸਰਵੇਖਣ ਕਰਨ ਲਈ ਕਿਹਾ ਗਿਆ ਹੈ। ਰੇਲਵੇ ਬੋਰਡ ਵੱਲੋਂ ਸਾਰੀਆਂ ਡਵੀਜ਼ਨਾਂ ਦੀ ਸਰਵੇ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ। ਅਧਿਕਾਰਤ ਸੂਤਰਾਂ ਮੁਤਾਬਕ ਇਹ ਫੈਸਲਾ ਨਵੇਂ ਸਾਲ 'ਚ ਲਾਗੂ ਹੋ ਸਕਦਾ ਹੈ। ਰੇਲਵੇ ਨਿਯਮਾਂ ਮੁਤਾਬਕ ਖਾਣ-ਪੀਣ ਦੀਆਂ ਵਸਤਾਂ ਦੇ ਰੇਟ ਹਰ 10 ਸਾਲ ਬਾਅਦ ਵਧਾ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ : ਸਾਈਬਰ ਠੱਗ ਨੇ ਬਣਾਇਆ ਵਿਧਾਇਕ ਦੇ ਭਰਾ ਦਾ ਜਾਅਲੀ ਅਕਾਊਂਟ, ਪਰਦਾਫਾਸ਼ ਹੋਇਆ ਤਾਂ...

ਸਰਕਾਰੀ ਸੂਤਰਾਂ ਅਨੁਸਾਰ ਸਰਵੇਖਣ ਦੌਰਾਨ ਵੱਖ-ਵੱਖ ਥਾਵਾਂ 'ਤੇ ਬਾਜ਼ਾਰ 'ਚ ਵਿਕਣ ਵਾਲੇ ਸਾਮਾਨ ਦੇ ਰੇਟਾਂ ਦੀ ਲਿਸਟ ਤਿਆਰ ਕੀਤੀ ਜਾਂਦੀ ਹੈ, ਜਿਸ ਵਿੱਚ ਰੇਲਵੇ ਸਟੇਸ਼ਨ ਦੇ ਗ੍ਰੇਡ ਅਤੇ ਹੋਰ ਸਮੀਕਰਨਾਂ ਨੂੰ ਵੀ ਧਿਆਨ 'ਚ ਰੱਖਿਆ ਜਾਂਦਾ ਹੈ। ਇਸ ਤੋਂ ਪਹਿਲਾਂ ਸਾਲ 2012 'ਚ ਵੀ ਖਾਣ-ਪੀਣ ਦੀਆਂ ਵਸਤੂਆਂ ਨੂੰ ਲੈ ਕੇ ਸਰਵੇਖਣ ਕੀਤਾ ਗਿਆ ਸੀ। ਹੁਣ ਸਮਾਂ ਮਿਆਦ ਪੂਰੀ ਹੋਣ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ ਫਿਰੋਜ਼ਪੁਰ ਮੰਡਲ, ਅੰਬਾਲਾ, ਨਵੀਂ ਦਿੱਲੀ ਅਤੇ ਮੁਰਾਦਾਬਾਦ ਡਵੀਜ਼ਨਾਂ ਵਿੱਚ ਉੱਤਰੀ ਰੇਲਵੇ ਵੱਲੋਂ ਸਰਵੇਖਣ ਕੀਤਾ ਜਾ ਰਿਹਾ ਹੈ। ਇਨ੍ਹਾਂ ਡਵੀਜ਼ਨਾਂ ਤੋਂ ਸਰਵੇਖਣ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਦਸੰਬਰ ਵਿੱਚ ਰੇਲਵੇ ਬੋਰਡ ਦੀ ਮੀਟਿੰਗ ਦੌਰਾਨ ਰਿਪੋਰਟ ਪੇਸ਼ ਕੀਤੀ ਜਾਵੇਗੀ। ਇਨ੍ਹਾਂ ਰਿਪੋਰਟਾਂ ਦੇ ਆਧਾਰ 'ਤੇ ਰੇਲਵੇ ਬੋਰਡ ਦੀ ਸਹਿਮਤੀ ਮਿਲਣ ਤੋਂ ਬਾਅਦ ਖਾਣ-ਪੀਣ ਵਾਲੀਆਂ ਵਸਤੂਆਂ ਦੇ ਰੇਟਾਂ 'ਚ ਵਾਧਾ ਕੀਤਾ ਜਾ ਸਕਦਾ ਹੈ, ਜੇਕਰ ਸਹਿਮਤੀ ਬਣੀ ਤਾਂ ਇਹ ਦਰਾਂ ਨਵੇਂ ਸਾਲ ਵਿੱਚ ਲਾਗੂ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਫਿਰੋਜ਼ਪੁਰ ਦਾ ਵਕੀਲ ਭੇਤਭਰੀ ਹਾਲਤ ’ਚ ਲਾਪਤਾ, ਸਕੂਟਰ ਤੇ ਮੋਬਾਈਲ ਨਹਿਰ ਨੇੜਿਓਂ ਮਿਲੇ, ਮਾਮਲਾ ਸ਼ੱਕੀ

ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਮਹਿੰਗਾਈ ਦਾ ਗ੍ਰਾਫ ਵਧਿਆ ਹੈ, ਉਸ ਤੋਂ ਲੱਗਦਾ ਹੈ ਕਿ ਰੇਲਵੇ ਵਿਭਾਗ ਵੱਲੋਂ ਅਨਾਜ ਦੀਆਂ ਕੀਮਤਾਂ ਜ਼ਿਆਦਾ ਤੈਅ ਕੀਤੀਆਂ ਜਾ ਸਕਦੀਆਂ ਹਨ ਪਰ ਕੀਮਤ ਵਧਾਉਣ ਦੇ ਨਾਲ-ਨਾਲ ਵਿਭਾਗ ਨੂੰ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ, ਰੇਲ ਗੱਡੀ 'ਚ ਸਫ਼ਰ ਕਰਨ ਵਾਲੇ ਲੋਕਾਂ ਦੀ ਆਮਦਨ, ਸਟਾਲ ਧਾਰਕਾਂ ਦੇ ਖਰਚੇ, ਰੇਲਵੇ ਵਿਭਾਗ ਵੱਲੋਂ ਵਸੂਲੀ ਜਾਣ ਵਾਲੀ ਫੀਸ ਅਤੇ ਖੇਤਰਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਰੇਲਵੇ ਮੁਸਾਫਰਾਂ ਦੀ ਜੇਬ 'ਤੇ ਜ਼ਿਆਦਾ ਬੋਝ ਨਾ ਪਵੇ।

"ਰੇਲਵੇ ਨਿਯਮਾਂ ਮੁਤਾਬਕ ਹਰ 10 ਸਾਲ ਬਾਅਦ ਬਾਜ਼ਾਰ 'ਚ ਖਾਣ-ਪੀਣ ਦੀਆਂ ਵਸਤਾਂ ਦੇ ਰੇਟਾਂ ਬਾਰੇ ਸਰਵੇਖਣ ਕੀਤਾ ਜਾਂਦਾ ਹੈ। ਇਸ ਸਰਵੇਖਣ ਦੀ ਰਿਪੋਰਟ ਰੇਲਵੇ ਬੋਰਡ ਨੂੰ ਭੇਜੀ ਜਾਂਦੀ ਹੈ, ਜਿਸ ਦੇ ਆਧਾਰ 'ਤੇ ਰੇਟ ਤੈਅ ਕੀਤੇ ਜਾਂਦੇ ਹਨ। ਫਿਰੋਜ਼ਪੁਰ ਡਵੀਜ਼ਨ ਵਿੱਚ ਵੀ ਸਰਵੇ ਕੀਤਾ ਜਾ ਰਿਹਾ ਹੈ, ਹਰੇਕ ਸਟੇਸ਼ਨ ਅਨੁਸਾਰ ਬਾਜ਼ਾਰ 'ਚ ਟੀਮਾਂ ਸਰਵੇ ਕਰ ਰਹੀਆਂ ਹਨ, ਜਿਸ ਦੀ ਰਿਪੋਰਟ ਜਲਦ ਹੀ ਰੇਲਵੇ ਬੋਰਡ ਨੂੰ ਭੇਜ ਦਿੱਤੀ ਜਾਵੇਗੀ।"

-ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ, ਫਿਰੋਜ਼ਪੁਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News