ਧੁੰਦ ਤੇ ਧੂੰਏਂ ਨੇ ਵ੍ਹੀਕਲ ਚਾਲਕਾਂ ਲਈ ਪੈਦਾ ਕੀਤੀਆਂ ਸਮੱਸਿਆਵਾਂ

Saturday, Nov 04, 2017 - 07:55 AM (IST)

ਧੁੰਦ ਤੇ ਧੂੰਏਂ ਨੇ ਵ੍ਹੀਕਲ ਚਾਲਕਾਂ ਲਈ ਪੈਦਾ ਕੀਤੀਆਂ ਸਮੱਸਿਆਵਾਂ

ਮੋਗਾ  (ਸੰਦੀਪ) - ਪਿਛਲੇ ਕੁੱਝ ਦਿਨਾਂ ਤੋਂ ਜਿਥੇ ਖੇਤਾਂ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਕਾਰਨ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ, ਉਥੇ ਤਾਪਮਾਨ 'ਚ ਦਿਨੋ-ਦਿਨ ਆ ਰਹੀ ਗਿਰਾਵਟ ਕਾਰਨ ਧੁੰਦ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਸੜਕਾਂ 'ਤੇ ਆਉਣ-ਜਾਣ ਵਾਲੇ ਵ੍ਹੀਕਲ ਚਾਲਕਾਂ ਨੂੰ ਜਿਥੇ ਦੁਰਘਟਨਾਵਾਂ ਤੋਂ ਬਚਣ ਲਈ ਸਾਵਧਾਨ ਹੋਣਾ ਪੈ ਰਿਹਾ ਹੈ, ਉਥੇ ਹੀ ਟ੍ਰੈਫਿਕ ਪੁਲਸ ਨੇ ਵੀ ਲੋਕਾਂ ਦੀ ਸੁਰੱਖਿਆ ਲਈ ਸ਼ਹਿਰ 'ਚ ਪ੍ਰਬੰਧ ਸ਼ੁਰੂ ਕਰ ਦਿੱਤੇ ਹਨ।
ਨਿਰਮਾਣ ਅਧੀਨ ਹਾਈਵੇ ਵੀ ਬਣ ਰਿਹਾ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ
ਦੋ ਸਾਲਾਂ ਤੋਂ ਫਿਰੋਜ਼ਪੁਰ-ਲੁਧਿਆਣਾ ਹਾਈਵੇ ਮਾਰਗ ਨੂੰ ਫੋਰਲੇਨ ਬਣਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਸਬੰਧਿਤ ਠੇਕਾ ਕੰਪਨੀ ਵੱਲੋਂ ਸ਼ਹਿਰ 'ਚ ਵੀ ਪੁਲਾਂ ਅਤੇ ਸੜਕਾਂ ਦਾ ਨਿਰਮਾਣ ਕਾਰਜ ਜਾਰੀ ਹੈ। ਮੌਸਮ ਦੇ ਨਾਲ-ਨਾਲ ਇਹ ਨਿਰਮਾਣ ਕਾਰਜ ਵੀ ਲੋਕਾਂ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਬੱਬ ਬਣ ਰਿਹਾ ਹੈ। ਸ਼ਹਿਰ ਨਿਵਾਸੀਆਂ 'ਚ ਪਿਛਲੇ ਲੰਮੇ ਸਮੇਂ ਤੋਂ ਨਿਰਮਾਣ ਕਾਰਜ ਜਾਰੀ ਹੋਣ ਦੇ ਬਾਵਜੂਦ ਇਸ ਨੂੰ ਮੁਕੰਮਲ ਕਰਨ 'ਚ ਇੰਨਾ ਸਮਾਂ ਲੱਗਣ ਨੂੰ ਲੈ ਕੇ ਸਬੰਧਿਤ ਕੰਪਨੀ ਦੇ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਬੇਸ਼ੱਕ ਠੇਕਾ ਕੰਪਨੀ ਵੱਲੋਂ ਪੁਲਾਂ ਦੇ ਨਿਰਮਾਣ ਕਾਰਜ ਕਾਰਨ ਟ੍ਰੈਫਿਕ ਪੁਲਸ ਦੀ ਸਹਾਇਤਾ ਲਈ ਪ੍ਰਾਈਵੇਟ ਤੌਰ 'ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਕਿਓਰਿਟੀ ਗਾਰਡ ਲਾਏ ਹੋਏ ਹਨ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ ਹੈ।


Related News