ਲਗਭਗ 30 ਸਾਲਾਂ ਮਗਰੋਂ ਨਵੰਬਰ ''ਚ ਚਾਰੇ ਪਾਸੇ ਦਿਸੀ ਧੁੰਦ
Wednesday, Nov 08, 2017 - 02:13 PM (IST)

ਗੁਰਦਾਸਪੁਰ, (ਵਿਨੋਦ) - ਇਸ ਸੀਜ਼ਨ ਵਿਚ ਅੱਜ ਪਹਿਲੇ ਦਿਨ ਆਸਾਮਾਨ ਸਮੇਤ ਜ਼ਮੀਨ 'ਤੇ ਧੁੰਦ ਦਾ ਪ੍ਰਕੋਪ ਦਿਖਾਈ ਦਿੱਤਾ। ਬੇਸ਼ੱਕ ਨਵੰਬਰ ਮਹੀਨੇ ਵਿਚ ਬੀਤੇ 30 ਸਾਲਾਂ ਵਿਚ ਪਹਿਲੀ ਵਾਰ ਧੁੰਦ ਦਿਖਾਈ ਦਿੱਤੀ ਪਰ ਜਿਸ ਤਰ੍ਹਾਂ ਨਾਲ ਇਸ ਧੁੰਦ ਦੀ ਗਹਿਰਾਈ ਬਹੁਤ ਜ਼ਿਆਦਾ ਸੀ, ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਰਦੀ ਦਾ ਪ੍ਰਕੋਪ ਬਹੁਤ ਜ਼ਿਆਦਾ ਹੋਵੇਗਾ।ਬੀਤੇ ਕੁਝ ਦਿਨਾਂ ਤੋਂ ਆਸਮਾਨ 'ਤੇ ਧੁੰਦ ਅਤੇ ਧੂੜ ਦਾ ਪ੍ਰਕੋਪ ਸੀ ਅਤੇ ਆਸਮਾਨ 'ਤੇ ਹਰ ਸਮੇ ਮਿੱਟੀ-ਘੱਟਾ ਹੀ ਦਿਖਾਈ ਦਿੰਦਾ ਸੀ ਪਰ ਅੱਜ ਮਿੱਟੀ-ਘੱਟਾ ਨਹੀਂ, ਬਲਕਿ ਧੁੰਦ ਦਾ ਪ੍ਰਕੋਪ ਦਿਸਿਆ, ਜਿਸ ਦਾ ਸਿੱਧਾ ਅਸਰ ਸੈਰ ਕਰਨ ਵਾਲੇ ਬਜ਼ੁਰਗਾਂ ਤੇ ਛੋਟੇ ਬੱਚਿਆਂ 'ਤੇ ਦਿਖਾਈ ਦਿੱਤਾ। ਤਾਪਮਾਨ ਵੀ ਡਿੱਗ ਕੇ ਅੱਜ ਸਵੇਰੇ 16 ਡਿਗਰੀ ਤੱਕ ਪਹੁੰਚ ਗਿਆ। ਬੇਸ਼ੱਕ ਇਹ ਧੁੰਦ ਰਾਤ ਨੂੰ ਵੀ ਸੀ ਪਰ ਰਾਤ ਨੂੰ ਇਹ ਬਹੁਤ ਘੱਟ ਸੀ, ਸਵੇਰੇ ਉੱਠਦੇ ਹੀ ਇਸ ਦਾ ਅਸਰ ਬਹੁਤ ਜ਼ਿਆਦਾ ਸੀ। ਸ਼ਹਿਰ ਵਿਚ ਤਾਂ ਇਸ ਧੁੰਦ ਦੇ ਕਾਰਨ ਵਿਜੀਬਿਲਟੀ 20 ਤੋਂ 25 ਫੱਟ ਤੱਕ ਸੀ ਪਰ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਧੁੰਦ ਦਾ ਅਸਰ ਜ਼ਿਆਦਾ ਹੋਣ ਕਾਰਨ ਇਹ ਵਿਜੀਬਿਲਟੀ 10 ਤੋਂ 12 ਫੁੱਟ ਤਕ ਸੀ, ਜਿਸ ਕਾਰਨ ਸ਼ਹਿਰ ਦੇ ਬਾਹਰ ਬਾਈਪਾਸ 'ਤੇ ਵਾਹਨ ਵੀ ਸਵੇਰੇ 9 ਵਜੇ ਤੱਕ ਆਪਣੀ ਹੈੱਡ ਲਾਈਟ ਜਗਾ ਕੇ ਚਲਦੇ ਦਿਖਾਈ ਦਿੱਤੇ।