ਮਹਿਲਾ ਪੁਲਸ ਮੁਲਾਜ਼ਮ ਨਾਲ ਧੱਕਾ-ਮੁੱਕੀ ਕਰਨ ਵਾਲਾ ਕਾਬੂ
Friday, Mar 02, 2018 - 04:09 AM (IST)

ਰੂਪਨਗਰ, (ਵਿਜੇ)- ਜ਼ਿਲਾ ਪੁਲਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਲੇ ਮਹੱਲੇ 'ਚ ਡਿਊਟੀ ਦੇ ਰਹੇ ਮਹਿਲਾ ਪੁਲਸ ਮੁਲਾਜ਼ਮ ਨੂੰ ਧੱਕੇ ਮਾਰਨ ਅਤੇ ਹੌਲਦਾਰ ਦੀ ਕੁੱਟਮਾਰ ਦੇ ਮਾਮਲੇ ਦੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਲਾ ਪੁਲਸ ਮੁਖੀ ਸੰਧੂ ਨੇ ਦੱਸਿਆ ਕਿ ਬੀਤੇ ਦਿਨ ਹੋਲੇ ਮਹੱਲੇ ਮੌਕੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਅਤੇ ਮਹਿਲਾ ਕਾਂਸਟੇਬਲ ਰੁਪਿੰਦਰਪਾਲ ਕੌਰ ਨੂੰ ਵਿਰਾਸਤ-ਏ-ਖਾਲਸਾ ਦੇ ਮੇਨ ਗੇਟ 'ਤੇ ਔਰਤਾਂ ਦੀ ਸੁਰੱਖਿਆ ਸਬੰਧੀ ਡਿਊਟੀ 'ਤੇ ਲਾਇਆ ਗਿਆ ਸੀ। ਵਿਰਾਸਤ-ਏ-ਖਾਲਸਾ ਨੂੰ ਵੇਖਣ ਲਈ ਔਰਤਾਂ ਦੀ ਲਾਈਨ ਦੇ ਨਾਲ ਹੀ ਪੁਰਸ਼ਾਂ ਦੀ ਲਾਈਨ ਵੀ ਲੱਗੀ ਹੋਈ ਸੀ। ਇਸੇ ਦੌਰਾਨ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਨੇ ਜਦੋਂ ਔਰਤਾਂ ਦੀ ਲਾਈਨ ਦੇ ਨਾਲ ਪੁਰਸ਼ਾਂ ਦੀ ਲਾਈਨ ਵਿਚ ਲੱਗੇ ਵਿਅਕਤੀਆਂ ਨੂੰ ਥੋੜ੍ਹਾ ਪਾਸੇ ਹੋਣ ਲਈ ਕਿਹਾ ਤਾਂ ਪੁਰਸ਼ਾਂ ਦੀ ਲਾਈਨ ਵਿਚ ਖੜ੍ਹੇ ਇਕ ਵਿਅਕਤੀ ਨੇ ਮਹਿਲਾ ਕਾਂਸਟੇਬਲ ਨੂੰ ਧੱਕੇ ਅਤੇ ਥੱਪੜ ਮਾਰੇ। ਮੌਕੇ 'ਤੇ ਪੁੱਜੇ ਹੌਲਦਾਰ ਮੱਖਣ ਸ਼ਾਹ ਬਰਨਾਲਾ ਅਤੇ ਹੌਲਦਾਰ ਬਲਵਿੰਦਰ ਸਿੰਘ ਨੇ ਮਹਿਲਾ ਕਾਂਸਟੇਬਲ ਨੂੰ ਉਕਤ ਵਿਅਕਤੀ ਤੋਂ ਛੁਡਾਇਆ। ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਦੇ ਬਿਆਨ 'ਤੇ ਮਾਮਲਾ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਰਜ ਕੀਤਾ ਗਿਆ ਹੈ।
ਉਪਰੰਤ ਉਕਤ ਮੁਲਜ਼ਮ ਅੰਮ੍ਰਿਤਪਾਲ ਸਿੰਘ ਵਾਸੀ ਚੱਬਾ ਜ਼ਿਲਾ ਤਰਨਤਾਰਨ ਨੂੰ ਜਦੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ 10/12 ਸਿੱਖ ਨੌਜਵਾਨ, ਜਿਨ੍ਹਾਂ ਕੋਲ ਦਾਤਰ, ਗੰਡਾਸੇ ਅਤੇ ਬਰਛੇ ਸਨ, ਮੌਜੂਦ ਸਨ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਹੌਲਦਾਰ ਬਲਵਿੰਦਰ ਸਿੰਘ ਦੀ ਕੁੱਟ-ਮਾਰ ਕੀਤੀ। ਹੌਲਦਾਰ ਬਲਵਿੰਦਰ ਸਿੰਘ ਦੇ ਬਿਆਨਾਂ 'ਤੇ ਉਕਤ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਕੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।