ਫੋਕਲ ਪੁਆਇੰਟ ਫੇਜ਼-8 ਤੇ 4 ਦੇ ਕਾਰੋਬਾਰੀ ਨਰਕ ਭਰੇ ਮਾਹੌਲ ''ਚ ਕੰਮ ਕਰਨ ਲਈ ਮਜਬੂਰ
Sunday, Jul 01, 2018 - 06:31 AM (IST)
ਲੁਧਿਆਣਾ, (ਮੁਕੇਸ਼)- ਫੋਕਲ ਪੁਆਇੰਟ ਫੇਜ਼-8 ਤੇ ਮੈਟਰੋ ਰੋਡ ਨਾਲ ਫੇਜ਼-4, 4 ਏ ਦੇ ਉਦਯੋਗਪਤੀ ਕਈ ਸਾਲਾਂ ਤੋਂ ਨਰਕ ਭਰੇ ਮਾਹੌਲ ਵਿਚ ਕੰਮ ਕਰਨ ਲਈ ਮਜਬੂਰ ਹਨ। ਫੇਜ਼-8 ਪ੍ਰਧਾਨ, ਉਦਯੋਗਪਤੀ ਰਜਨੀਸ਼ ਆਹੂਜਾ ਪ੍ਰਿੰਸੀਪਲ ਪਵਨ ਸ਼ਰਮਾ, ਰਾਹੁਲ ਆਹੂਜਾ ਨੇ ਕਿਹਾ ਕਿ ਪਿਛਲੇ ਦਿਨੀਂ ਉਦਯੋਗ ਮੰਤਰੀ ਵਲੋਂ ਉਦਯੋਗਪਤੀਆਂ ਨੂੰ ਵਾਅਦੇ ਤਾਂ ਵੱਡੇ-ਵੱਡੇ ਕੀਤੇ ਗਏ ਸੀ ਪਰ ਪੂਰੇ ਹੁੰਦੇ ਕਿੱਧਰੇ ਨਜ਼ਰ ਨਹੀਂ ਆ ਰਹੇ। ਫੋਕਲ ਪੁਆਇੰਟ ਦੀ ਹਾਲਤ ਸੁਧਾਰਨ ਲਈ ਕੀਤੇ ਵਾਅਦੇ ਐਲਾਨ ਕਾਗਜ਼ਾਂ ਤਕ ਹੀ ਸੀਮਤ ਹੋ ਕੇ ਰਹਿ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਡੀ. ਸੀ. ਨੂੰ ਫੋਕਲ ਪੁਆਇੰਟਾਂ ਦੀ ਹਾਲਤ ਨੂੰ ਲੈ ਕੇ ਇਕ ਸਰਵੇ ਕਰਨ ਲਈ ਕਿਹਾ ਗਿਆ ਸੀ। ਕਿਹਾ ਜਾਂਦਾ ਹੈ ਕਿ ਸਰਵੇ ਰਿਪੋਰਟ ਮੁਤਾਬਕ ਫੋਕਲ ਪੁਆਇੰਟਾਂ ਦੇ ਅੰਦਰੂਨੀ ਇਲਾਕੇ ਦੀਆਂ ਸੜਕਾਂ ਬਣਾਉਣ ਲਈ ਕਰੋੜਾਂ ਰੁਪਇਆ ਦੀ ਲੋੜ ਹੈ ਪਰ ਇਹ ਪੈਸਾ ਕਦੋਂ ਤੇ ਕਿਥੋਂ ਆਵੇਗਾ? ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕਈ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਹਾਲਾਤ ਉਥੇ ਦੇ ਉਥੇ ਹਨ। ਆਹੂਜਾ ਸ਼ਰਮਾ ਤੇ ਰਾਹੁਲ ਨੇ ਕਿਹਾ ਕਿ ਫੋਕਲ ਪੁਆਇੰਟਾਂ ਦੀ ਮਾੜੀ ਹਾਲਤ ਨੂੰ ਦੇਖਦੇ ਵਿਦੇਸ਼ੀ ਗਾਹਕ ਤੇ ਦੂਸਰੀ ਸਟੇਟਾਂ ਤੋਂ ਆਉਣ ਵਾਲੇ ਵਪਾਰੀਆਂ ਨੇ ਮੂੰਹ ਫੇਰ ਲਿਆ ਹੈ। ਬਰਸਾਤ ਸ਼ੁਰੂ ਹੋਣ ਨਾਲ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਹਾਲਾਤ ਨਰਕ ਤੋਂ ਵੀ ਵੱਧ ਖਰਾਬ ਹਨ। ਰਜਨੀਸ਼ ਆਹੂਜਾ ਨੇ ਕਿਹਾ ਕਿ ਫੇਜ਼-8 ਤੇ 4 ਦੀਆਂ ਸੜਕਾਂ ਪਿੰਡਾਂ ਦੀਆਂ ਕੱਚੀ ਗਲੀਆਂ ਨਾਲੋਂ ਵੀ ਮਾੜੀਆਂ ਹਨ। ਫੇਜ਼-8 ਦੀ 2 ਸਾਲ ਪਹਿਲਾਂ ਸੜਕ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ ਪਰ ਫੰਡ ਖਤਮ ਹੋਣ ਕਰ ਕੇ ਕੰਮ ਅੱਜ ਤਕ ਅਧੂਰਾ ਪਿਆ ਹੈ। ਇਹੋਂ ਹਾਲ ਪਾਰਕਾਂ ਤੇ ਸਟਰੀਟ ਲਾਈਟਾਂ ਦਾ ਵੀ ਹੈ। ਵਿਕਾਸ ਕਿਸ ਨੂੰ ਕਿਹਾ ਜਾਂਦਾ ਹੈ ਕਿ ਇਹ ਤਾਂ ਸਰਕਾਰ ਹੀ ਜਾਣੇ। ਲੱਖਾਂ ਕਰੋੜਾਂ ਦਾ ਸਰਕਾਰ ਨੂੰ ਟੈਕਸ ਦੇਣ ਭਰਨ ਵਾਲੇ ਕਾਰੋਬਾਰੀ ਲੋਕ ਅੱਜ ਵੀ ਕਈ ਸੁਵਿਧਾਵਾਂ ਤੋਂ ਵਾਂਝੇ ਹਨ। ਐੱਸ. ਡੀ. ਓ. ਅਮਨਦੀਪ ਸਿੰਘ ਪੀ. ਐੱਸ. ਆਈ. ਈ. ਸੀ. ਦਾ ਕਹਿਣਾ ਹੈ ਕਿ ਨਿਗਮ ਦੇ ਨਾਲ ਇਕ ਐਸਟੀਮੇਟ ਬਣਾਇਆ ਸੀ, ਜਿਸ ਤਹਿਤ ਕਈ ਸੜਕਾਂ ਤਿਆਰ ਕੀਤੀਆਂ ਜਾਣੀਆਂ ਸੀ। ਫੰਡ ਹਾਲੇ ਮਿਲਿਆ ਨਹੀਂ ਉਮੀਦ ਹੈ ਛੇਤੀ ਰਿਲੀਜ਼ ਹੋ ਜਾਵੇਗਾ ਤੇ ਸੜਕਾਂ ਦਾ ਕੰਮ ਸ਼ੁਰੂ ਹੋ ਸਕੇਗਾ।
