ਹੜ੍ਹਾਂ ''ਤੇ ਸਰਕਾਰ ਦੇ ਐਲਾਨ ''ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਣ ਵਾਲੇ'' : ਪ੍ਰੋ. ਚੰਦੂਮਾਜਰਾ

08/20/2019 12:27:41 PM

ਪਟਿਆਲਾ (ਬਲਜਿੰਦਰ)—ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ-ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹੜ੍ਹਾਂ ਬਾਰੇ ਪੰਜਾਬ ਸਰਕਾਰ ਬਿਲਕੁਲ ਗੰਭੀਰ ਨਹੀਂ। ਲੱਖਾਂ ਦੀ ਗਿਣਤੀ ਵਿਚ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਹੁਣ ਜਾਗੇ ਹਨ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਰੇ ਵੱਡੇ ਐਲਾਨ ਕਰਨ ਲੱਗੇ ਹੋਏ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਰੇ ਐਲਾਨ 'ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਣ' ਵਰਗਾ ਹੈ ਕਿ ਜਦੋਂ ਹਰ ਵਾਰ 30 ਜੂਨ ਤੱਕ ਹੜ੍ਹਾਂ ਨੂੰ ਲੈ ਕੇ ਅਗਾਊਂ ਪ੍ਰਬੰਧ, ਨਦੀਆਂ ਅਤੇ ਨਾਲਿਆਂ ਦੀ ਸਫਾਈ ਹੋ ਜਾਣੀ ਚਾਹੀਦੀ ਹੈ। ਸਰਕਾਰ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਕੀਤੇ ਗਏ। ਉਹ ਇਥੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਦੇ ਪਿੰਡ ਹਰਪਾਲਪੁਰ ਵਿਖੇ ਲੋਕਾਂ ਵੱਲੋਂ ਕੀਤੇ ਗਏ ਸ਼ੁਕਰਾਨਾ ਪਾਠ ਤੋਂ ਬਾਅਦ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਪਹਿਲਾਂ ਘੱਗਰ ਨੇ ਵੱਡੇ ਪੱਧਰ 'ਤੇ ਕਿਸਾਨਾਂ ਦੀ ਕਰੋੜਾਂ ਰੁਪਏ ਦੀ ਫਸਲ ਨੂੰ ਬਰਬਾਦ ਕਰ ਦਿੱਤਾ। ਹੁਣ ਡੈਮ ਤੋਂ ਛੱਡੇ ਗਏ ਪਾਣੀ ਕਾਰਣ ਵੱਡੇ ਪੱਧਰ 'ਤੇ ਰੋਪੜ, ਅਨੰਦਪੁਰ ਸਾਹਿਬ ਸਮੇਤ ਕਈ ਜ਼ਿਲਿਆਂ ਦੇ ਵੱਡੀ ਗਿਣਤੀ ਵਿਚ ਲੋਕ ਹੜ੍ਹਾਂ ਦੀ ਲਪੇਟ ਵਿਚ ਆ ਚੁੱਕੇ ਹਨ।

ਸਰਕਾਰ ਹੁਣ ਜਾਗ ਰਹੀ ਹੈ। ਹਾਲਾਤ ਇਹ ਹਨ ਕਿ ਲੋਕਾਂ ਦਾ ਸਭ ਕੁੱਝ ਬਰਬਾਦ ਹੋ ਗਿਆ। ਸਰਕਾਰ ਹੁਣ ਤੱਕ ਕੁੰਭਕਰਨ ਦੀ ਨੀਂਦ ਸੌਂ ਰਹੀ ਸੀ। ਜਦੋਂ ਫਸਲਾਂ ਨਸ਼ਟ ਹੋ ਗਈਆਂ, ਲੋਕਾਂ ਦੇ ਘਰ ਢਹਿ-ਢੇਰੀ ਹੋ ਗਏ, ਲੋਕ ਦੋ ਟਾਈਮ ਦੀ ਰੋਟੀ ਤੋਂ ਮੁਹਤਾਜ ਹੋ ਗਏ ਤਾਂ ਹੁਣ ਮੁੱਖ ਮੰਤਰੀ ਐਲਾਨ ਕਰਨ ਵਿਚ ਰੁੱਝੇ ਹੋਏ ਹਨ। ਲੋਕਾਂ ਨੂੰ ਮੌਕੇ 'ਤੇ ਰਾਹਤ ਦੀ ਲੋੜ ਹੈ। ਸਰਕਾਰ ਵੱਲੋਂ ਇਸ ਮਾਮਲੇ ਵਿਚ ਕੋਈ ਪਹਿਲ ਨਹੀਂ ਕੀਤੀ ਜਾ ਰਹੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਇਕ ਤਾਂ ਪਹਿਲਾਂ ਹੀ ਪਾਣੀਆਂ ਦੇ ਮੁੱਦੇ 'ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਹੁਣ ਜੋ ਕਿਸਾਨਾਂ ਦਾ ਮਾੜਾ-ਮੋਟਾ ਬਚਾਅ ਸੀ, ਉਸ ਲਈ ਵੀ ਸਰਕਾਰ ਕਿਸੇ ਤਰ੍ਹਾਂ ਵੀ ਸੁਚੇਤ ਨਜ਼ਰ ਨਹੀਂ ਆਈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕੈਬਨਿਟ ਕੋਲ ਲੋਕਾਂ ਲਈ ਟਾਈਮ ਹੀ ਨਹੀਂ।ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਸਨਮਾਨਤ ਕੀਤਾ। ਬਾਬਾ ਬਾਰਨ ਵਾਲਿਆਂ ਦੇ ਜੱਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਰਦੇਵ ਸਿੰਘ, ਨਛੱਤਰ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Shyna

Content Editor

Related News