ਪੰਜਾਬ ’ਚ ਹੜ੍ਹ ਨਾਲ ਹਾਲਾਤ ਵਿਗੜੇ, 1044 ਪਿੰਡ ਤਬਾਹ,  ਸਰਕਾਰ ਨੇ ਕੀਤਾ ਫੰਡ ਦਾ ਐਲਾਨ

Tuesday, Sep 02, 2025 - 08:42 AM (IST)

ਪੰਜਾਬ ’ਚ ਹੜ੍ਹ ਨਾਲ ਹਾਲਾਤ ਵਿਗੜੇ, 1044 ਪਿੰਡ ਤਬਾਹ,  ਸਰਕਾਰ ਨੇ ਕੀਤਾ ਫੰਡ ਦਾ ਐਲਾਨ

ਚੰਡੀਗੜ੍ਹ/ਹੁਸ਼ਿਆਰਪੁਰ (ਵਿਨੇ, ਜੈਨ) - ਪੰਜਾਬ ਵਿਚ ਹੜ੍ਹ ਕਾਰਨ ਹਾਲਾਤ ਪੂਰੀ ਤਰ੍ਹਾਂ ਵਿਗੜ ਚੁੱਕੇ ਹਨ। ਮਾਝਾ ਅਤੇ ਦੋਆਬਾ ਵਿਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 36 ਹੋ ਗਈ ਹੈ। ਹੁਸ਼ਿਆਰਪੁਰ ਵਿਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਜਾਨ ਚਲੀ ਗਈ ਹੈ, ਜਿਸ ਵਿਚ 4 ਲੋਕਾਂ ਦੀ ਮੌਤ ਘਰ ਦੀ ਛੱਤ ਡਿੱਗਣ ਕਾਰਨ ਹੋਈ ਹੈ, ਜਦੋਂ ਕਿ 3 ਹੋਰ ਲਗਾਤਾਰ ਮੀਂਹ ਕਾਰਨ ਆਏ ਹੜ੍ਹ ਦੇ ਪਾਣੀ ਵਿਚ ਡੁੱਬ ਗਏ। ਇਸ ਤ੍ਰਾਸਦੀ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਤੁਰੰਤ ਆਰਥਿਕ ਮਦਦ ਦਾ ਐਲਾਨ ਕੀਤਾ ਹੈ।

ਹੜ੍ਹ ਕਾਰਨ 1 ਅਗਸਤ ਤੋਂ 1 ਸਤੰਬਰ ਤੱਕ ਕੁੱਲ 36 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ। ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੜ੍ਹਾਂ ਕਾਰਨ ਅੰਮ੍ਰਿਤਸਰ ’ਚ 3, ਬਰਨਾਲਾ ’ਚ 3, ਬਠਿੰਡਾ ’ਚ 1, ਗੁਰਦਾਸਪੁਰ ’ਚ 1, ਹੁਸ਼ਿਆਰਪੁਰ ’ਚ 7, ਲੁਧਿਆਣਾ ’ਚ 3, ਮਾਨਸਾ ’ਚ 3, ਪਠਾਨਕੋਟ ’ਚ 6, ਪਟਿਆਲਾ ’ਚ 1, ਰੋਪੜ ’ਚ 3, ਐੱਸ. ਏ. ਐੱਸ. ਨਗਰ ’ਚ 1 ਅਤੇ ਸੰਗਰੂਰ ’ਚ 1 ਵਿਅਕਤੀ ਦੀ ਮੌਤ ਹੋ ਗਈ। ਪਠਾਨਕੋਟ ’ਚ 3 ਵਿਅਕਤੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।

ਇਸ ਸਮੇਂ ਪੰਜਾਬ ਦੇ 12 ਜ਼ਿਲੇ ਹੜ੍ਹ ਦੀ ਮਾਰ ਹੇਠ ਹਨ। ਜਿਨ੍ਹਾਂ ਵਿਚ ਅੰਮ੍ਰਿਤਸਰ, ਬਰਨਾਲਾ, ਫਾਜ਼ਿਲਕਾ, ਿਫਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਮੋਗਾ, ਪਠਾਨਕੋਟ ਅਤੇ ਐੱਸ. ਏ. ਐੱਸ. ਨਗਰ ਸ਼ਾਮਲ ਹਨ। ਹੜ੍ਹ ਨੇ ਪੰਜਾਬ ਦੇ 1044 ਪਿੰਡਾਂ ਨੂੰ ਬਰਬਾਦ ਕਰ ਦਿੱਤਾ ਹੈ। ਅੰਮ੍ਰਿਤਸਰ ਦੇ 88, ਬਰਨਾਲਾ ਦੇ 24, ਫਾਜ਼ਿਲਕਾ ਦੇ 72, ਿਫਰੋਜ਼ਪੁਰ ਦੇ 76, ਗੁਰਦਾਸਪੁਰ ਦੇ 321, ਹੁਸ਼ਿਆਰਪੁਰ ਦੇ 94, ਜਲੰਧਰ ਦੇ 55, ਕਪੂਰਥਲਾ ਦੇ 115, ਮਾਨਸਾ ਦੇ 77, ਮੋਗਾ ਦੇ 39, ਪਠਾਨਕੋਟ ਦੇ 82 ਪਿੰਡ ਸ਼ਾਮਲ ਹਨ।

ਮਾਝਾ ਅਤੇ ਦੋਆਬਾ ਤੋਂ ਬਾਅਦ ਹੁਣ ਘੱਗਰ ਰਾਹੀਂ ਮਾਲਵਾ ਖੇਤਰ ਵਿਚ ਹੜ੍ਹ ਤਬਾਹੀ ਮਚਾਉਣ ਦੀ ਤਿਆਰੀ ਕਰ ਰਿਹਾ ਹੈ। ਸੁਖਨਾ ਝੀਲ ਦੇ ਫਲੱਡ ਗੇਟ ਤੀਜੀ ਵਾਰ ਖੋਲ੍ਹ ਦਿੱਤੇ ਗਏ। ਦੂਜੇ ਪਾਸੇ, ਸ਼ਿਵਾਲਿਕ ਪਹਾੜੀਆਂ ਅਤੇ ਚੰਡੀਗੜ੍ਹ ਵਿਚ ਪੈ ਰਹੇ ਮੋਹਲੇਧਾਰ ਮੀਂਹ ਨੇ ਘੱਗਰ ਵਿਚ 26 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਭੇਜ ਦਿੱਤਾ ਹੈ, ਜਿਸ ਕਾਰਨ ਘੱਗਰ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ।

ਪਟਿਆਲਾ ਜ਼ਿਲੇ ਦੇ ਘਨੌਰ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਪਿੰਡ ਲਾਛੜੂ ਕਲਾਂ ਵਿਚ ਸਥਿਤੀ ਬੇਹੱਦ ਨਾਜ਼ੁਕ ਹੈ। ਘੱਗਰ ਦੇ ਕਮਜ਼ੋਰ ਕਿਨਾਰਿਆਂ ਨੂੰ ਮਜ਼ਬੂਤ ​​ਕਰਨ ਲਈ 3 ਟਰਾਲੀਆਂ ਵਿਚ 300 ਤੋਂ ਵੱਧ ਮਿੱਟੀ ਦੀਆਂ ਬੋਰੀਆਂ ਮੌਕੇ ’ਤੇ ਭੇਜੀਆਂ ਗਈਆਂ ਹਨ। ਇਸੇ ਤਰ੍ਹਾਂ ਪੰਜਾਬ-ਹਰਿਆਣਾ ਸਰਹੱਦ ਨਾਲ ਲੱਗਦੇ ਰਾਮਨਗਰ ਬੈਰੀਅਰ ਨੇੜੇ ਘੱਗਰ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 3 ਇੰਚ ਹੇਠਾਂ ਹੈ, ਜਿਸ ਕਾਰਨ ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਹੈ।


author

Harinder Kaur

Content Editor

Related News