ਹੜ੍ਹਾਂ ਦੀ ਮਾਰ ਤੋਂ ਬਾਅਦ ਪੰਜਾਬੀਆਂ 'ਤੇ ਆਇਆ ਹੁਣ ਇਕ ਹੋਰ ਖ਼ਤਰਾ
Monday, Sep 08, 2025 - 05:31 PM (IST)

ਮੋਹਾਲੀ (ਰਣਬੀਰ) : ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਹੜ੍ਹਾਂ ਦੇ ਪਾਣੀ ’ਚ ਸੱਪਾਂ ਦੇ ਡੰਗ ਮਾਰਨ ਦੀਆਂ ਘਟਨਾਵਾਂ ਵਾਪਰਨ ਦਾ ਖਦਸ਼ਾ ਵੱਧ ਜਾਂਦਾ ਹੈ। ਸੱਪ ਦੇ ਡੰਗੇ ਜਾਣ ਦੇ ਇਲਾਜ ਲਈ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਦਵਾਈ ਉਪਲੱਭਧ ਹੈ, ਜਿਥੇ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਸਿਹਤ ਅਧਿਕਾਰੀ ਨੇ ਦੱਸਿਆ ਕਿ ਬਰਸਾਤ ਦੇ ਮੌਸਮ ’ਚ ਸੱਪਾਂ ਦੁਆਰਾ ਇਨਸਾਨਾਂ ਨੂੰ ਡੰਗੇ ਜਾਣ ਦੀਆਂ ਘਟਨਾਵਾਂ ਆਮ ਸਾਹਮਣੇ ਆਉਂਦੀਆਂ ਹਨ। ਸੱਪ ਦੇ ਡੰਗਣ ’ਤੇ ਘਬਰਾਉਣ ਦੀ ਜ਼ਰੂਰਤ ਨਹੀਂ ਸਗੋਂ ਮਰੀਜ਼ ਨੂੰ ਤੁਰੰਤ ਸਰਕਾਰੀ ਹਸਪਤਾਲ ’ਚ ਲਿਆਂਦਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ, ਮੌਸਮ ਵਿਭਾਗ ਨੇ ਸਾਂਝੀ ਕੀਤੀ ਵੱਡੀ ਜਾਣਕਾਰੀ
ਪੰਜਾਬ ’ਚ ਕਈ ਕਿਸਮਾਂ ਦੇ ਗ਼ੈਰ-ਜ਼ਹਿਰੀਲੇ ਸੱਪਾਂ ਤੋਂ ਇਲਾਵਾ ਕਾਮਨ ਕਰੇਟ, ਰਸਲ ਵਾਇਪਰ ਤੇ ਕੋਬਰਾ ਜਿਹੇ ਜ਼ਹਿਰੀਲੇ ਸੱਪ ਵੀ ਪਾਏ ਜਾਂਦੇ ਹਨ। ਇਹ ਸੱਪ ਕਾਫ਼ੀ ਜ਼ਹਿਰੀਲੇ ਹੁੰਦੇ ਹਨ ਜਿਨ੍ਹਾਂ ਦੁਆਰਾ ਡੰਗੇ ਜਾਣ ਤੋਂ ਬਾਅਦ ਬਿਨਾਂ ਦੇਰ ਕੀਤਿਆਂ ਇੰਜੈਕਸ਼ਨ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੱਪ ਦੇ ਡੰਗੇ ਜਾਣ ਤੋਂ ਬਾਅਦ ਅਖੌਤੀ ਤਾਂਤਰਿਕਾਂ/ਬਾਬਿਆਂ ਜਾਂ ਝੋਲਾ ਛਾਪ ਡਾਕਟਰਾਂ ਕੋਲ ਜਾਣ ਦੀ ਬਜਾਏ ਹਸਪਤਾਲ ਜਾਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਅਖੌਤੀ ਤਾਂਤਰਿਕਾਂ/ਬਾਬਿਆਂ/ਸਾਧਾਂ ਕੋਲ ਸੱਪ ਦੇ ਡੰਗ ਤੋਂ ਬਚਾਅ ਲਈ ਕੋਈ ਡਾਕਟਰੀ ਇਲਾਜ ਨਹੀਂ ਹੁੰਦਾ ਸਗੋਂ ਉਹ ਕਈ ਵਾਰ ਮਰੀਜ਼ ਦੀ ਹਾਲਤ ਨੂੰ ਹੋਰ ਗੰਭੀਰ ਬਣਾ ਦਿੰਦੇ ਹਨ ਤੇ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਕਈ ਵਾਰ ਮਰੀਜ਼ ਦੀ ਜਾਨ ਵੀ ਚਲੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਵੱਧ ਗਈਆਂ ਛੁੱਟੀਆਂ, ਜਾਰੀ ਹੋਏ ਨਵੇਂ ਹੁਕਮ, ਦੋਖੇ ਪੂਰੀ ਸੂਚੀ
70 ਫ਼ੀਸਦੀ ਸੱਪ ਜ਼ਹਿਰੀਲੇ ਨਹੀਂ ਹੁੰਦੇ : ਡਾ. ਜੈਨ
ਸੱਪ ਦੇ ਡੰਗ ਦੀ ਪਛਾਣ ਤੇ ਬਚਾਅ ਦੇ ਕੁੱਝ ਨੁਕਤੇ ਸਾਂਝੇ ਕਰਦਿਆਂ ਡਾ. ਜੈਨ ਨੇ ਦੱਸਿਆ ਕਿ ਜੇ ਸੱਪ ਡੰਗ ਜਾਵੇ ਤਾਂ ਸਭ ਤੋਂ ਪਹਿਲਾਂ ਸਬੰਧਤ ਸਰੀਰਕ ਅੰਗ ’ਤੇ ਡੰਗ ਦਾ ਨਿਸ਼ਾਨ ਵੇਖਣ ਦੀ ਕੋਸ਼ਿਸ਼ ਕਰੋ ਤਾਂਕਿ ਪੱਕਾ ਪਤਾ ਲੱਗ ਜਾਵੇ ਕਿ ਸੱਪ ਨੇ ਡੰਗਿਆ ਹੈ। ਮਰੀਜ਼ ਨੂੰ ਹੌਂਸਲਾ ਦਿਓ ਤੇ ਦੱਸੋ ਕਿ ਲਗਭਗ 70 ਫ਼ੀਸਦੀ ਸੱਪ ਜ਼ਹਿਰੀਲੇ ਨਹੀਂ ਹੁੰਦੇ, ਜਿਸ ਕਾਰਨ ਹੋ ਸਕਦਾ ਹੈ ਕਿ ਉਸ ਨੂੰ ਜ਼ਹਿਰੀਲੇ ਸੱਪ ਨੇ ਨਾ ਕੱਟਿਆ ਹੋਵੇ। ਡੰਗ ਵਾਲੀ ਥਾਂ ਨੂੰ ਉਵੇਂ ਹੀ ਸਪੋਰਟ ਦਿਓ, ਜਿਵੇਂ ਸਰੀਰ ਦਾ ਕੋਈ ਅੰਗ ਫ਼ਰੈਕਚਰ ਹੋਣ ’ਤੇ ਸਪੋਰਟ ਦਿੱਤੀ ਜਾਂਦੀ ਹੈ ਤਾਂ ਕਿ ਉਸ ਤੋਂ ਕੰਮ ਨਾ ਲਿਆ ਜਾ ਸਕੇ ਜਾਂ ਹਿੱਲ-ਜੁਲ ਨਾ ਸਕੇ ਪਰ ਇਹ ਸਪੋਰਟ ਏਨੀ ਜ਼ੋਰ ਨਾਲ ਨਾ ਬੰਨ੍ਹੀ ਜਾਵੇ ਕਿ ਖ਼ੂਨ ਦੀ ਸਪਲਾਈ ਹੀ ਬੰਦ ਹੋ ਜਾਵੇ। ਮਰੀਜ਼ ਨੂੰ ਦੌੜਨਾ ਨਹੀਂ ਚਾਹੀਦਾ ਤੇ ਖ਼ੁਦ ਵਾਹਨ ਚਲਾ ਕੇ ਹਸਪਤਾਲ ਨਹੀਂ ਜਾਣਾ ਚਾਹੀਦਾ। ਡੰਗ ਵਾਲੀ ਥਾਂ ਤੋਂ ਜੁੱਤੀਆਂ, ਘੜੀ, ਗਹਿਣੇ ਜਾਂ ਕੱਪੜਾ ਹਟਾ ਦਿਓ। ਡੰਗ ਵਾਲੀ ਥਾਂ ਨੂੰ ਛੇੜਨ ਦੀ ਕੋਸ਼ਿਸ਼ ਨਾ ਕਰੋ ਤੇ ਸੱਪ ਨੂੰ ਮਾਰਨ ’ਚ ਸਮਾਂ ਗਵਾਉਣ ਦੀ ਬਜਾਏ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਕੇ ਜਾਓ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ 108 ’ਤੇ ਫ਼ੋਨ ਕਰ ਕੇ ਐਂਬੂਲੈਂਸ ਮੰਗਵਾਈ ਜਾ ਸਕਦੀ ਹੈ।
ਸੱਪ ਦੇ ਡੰਗ ਦੇ ਲੱਛਣ
ਡੰਗ ਵਾਲੀ ਥਾਂ ’ਤੇ ਦਰਦ, ਸੋਜਸ਼, ਜ਼ਖ਼ਮ, ਖ਼ੂਨ, ਸਾਹ ਲੈਣ ’ਚ ਤਕਲੀਫ਼, ਨਿਗਲਣ ਤੇ ਬੋਲਣ ’ਚ ਤਕਲੀਫ਼, ਗਰਦਨ ਦੇ ਪੱਠਿਆਂ ’ਚ ਕਮਜ਼ੋਰੀ, ਸਿਰ ਚੁੱਕਣ ’ਚ ਮੁਸ਼ਕਲ, ਕੰਨਾਂ, ਨੱਕ, ਗਲ ਜਾਂ ਹੋਰ ਕਿਸੇ ਥਾਂ ਤੋਂ ਖ਼ੂਨ ਵਗਣਾ ਆਦਿ।
ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਖੁੱਲ੍ਹਦੇ ਸਾਰ ਵੱਡਾ ਹਾਦਸਾ, ਵਿਦਿਆਰਥੀਆਂ ਦਾ ਪੈ ਗਿਆ ਚੀਕ-ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e