ਭਾਰੀ ਬਰਸਾਤ : ਘੱਗਰ, ਟਾਂਗਰੀ, ਮੀਰਾਂਪੁਰ ਚੋਅ ਅਤੇ ਪਟਿਆਲਾ ਨਦੀ ਵਿਚ ਛਾਲਾਂ ਮਾਰਣ ਲੱਗਾ ਪਾਣੀ
Wednesday, Jul 28, 2021 - 06:41 PM (IST)
ਪਟਿਆਲਾ/ਘਨੌਰ/ਦੇਵੀਗੜ੍ਹ (ਮਨਦੀਪ ਸਿੰਘ ਜੋਸਨ/ਅਲੀ/ਭੁਪਿੰਦਰ/ਨੌਗਾਵਾਂ) : ਲੰਘੇ ਦਿਨ ਤੋਂ ਹਿਮਾਚਲ ਅਤੇ ਪੰਜਾਬ ਵਿਚ ਪੈ ਰਹੀ ਬਰਸਾਤ ਕਾਰਨ ਪਟਿਆਲਾ ਜ਼ਿਲ੍ਹੇ ਵਿਚ ਵਗਦੀਆਂ ਬਰਸਾਤੀ ਨਦੀਆਂ ਘੱਗਰ, ਮੀਰਾਂਪੁਰ ਚੋਅ, ਟਾਂਗਰੀ ਤੇ ਪਟਿਆਲਾ ਨਦੀ ਵਿਚ ਪਾਣੀ ਉਛਾਲੇ ਮਾਰਨ ਲੱਗਾ ਹੈ। ਲੋਕਾਂ ਵਿਚ ਵੱਧਦੀ ਦਹਿਸ਼ਤ ਕਾਰਨ ਅੱਜ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਨੇ ਇਨ੍ਹਾਂ ਸਮੁੱਚੀਆਂ ਨਦੀਆਂ ਦਾ ਜਾਇਜ਼ਾ ਲੈ ਕੇ ਆਖਿਆ ਕਿ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਤੇ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਅਤੇ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਨੇ ਅੱਜ ਸਵੇਰ ਤੋਂ ਹੀ ਅੱਜ ਜ਼ਿਲ੍ਹੇ ’ਚੋਂ ਲੰਘਦੀਆਂ ਨਦੀਆਂ ਦਾ ਜਾਇਜ਼ਾ ਲੈਣ ਲਈ ਲਾਛੜੂ ਖੁਰਦ, ਸਰਾਲਾ ਹੈਡ, ਮਾੜੂ, ਟਾਂਗਰੀ ਪੁਲ ਅਤੇ ਮੀਰਾਪੁਰ ਚੋਅ, ਪਟਿਆਲਾ ਨਦੀ ਵਿਖੇ ਗਏ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਦੂਧਨਸਾਧਾਂ ਅੰਕੁਰਜੀਤ ਸਿੰਘ, ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ, ਪੰਜਾਬ ’ਚ ਭਾਰੀ ਮੀਂਹ ਦੀ ਭਵਿੱਖ ਬਾਣੀ
ਡੀਸੀ ਨੇ ਵਿਭਾਗਾਂ ਵੱਲੋਂ ਕੀਤੇ ਕੰਮ ਦਾ ਵੀ ਲਿਆ ਜਾਇਜ਼ਾ
ਡਿਪਟੀ ਕਮਿਸ਼ਨਰ ਨੇ ਸਰਾਲਾ ਕਲਾਂ, ਜਿੱਥੇ ਕਿ ਘੱਗਰ ’ਤੇ ਪੁੱਲ ਹੇਠਾਂ ਪਾਣੀ ਦੇ ਬੇਰੋਕ ਲਾਂਘੇ ਲਈ ਸਫਾਈ ਕਰਵਾਈ ਗਈ ਹੈ, ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਹ ਸਰਾਲਾ ਖੁਰਦ, ਜਿੱਥੇ ਕਿ ਘੱਗਰ ਦੇ ਖੱਬੇ ਪਾਸੇ ਦਰਿਆ ਦੇ ਬੰਨ੍ਹਿਆਂ ਨੂੰ ਖੁਰਨ ਤੋਂ ਬਚਾਅ ਲਈ ਪੱਥਰ ਲਗਾ ਕੇ ਮਜ਼ਬੂਤੀ ਦਾ ਕੰਮ ਕੀਤਾ ਗਿਆ ਹੈ, ਦਾ ਜਾਇਜ਼ਾ ਲੈਣ ਗਏ। ਉਨ੍ਹਾਂ ਨੇ ਪਿੰਡ ਮਾੜੂ ਵਿਖੇ ਵੀ ਘੱਗਰ ਦੇ ਪੁਲ ਹੇਠਾਂ ਸੱਜੇ ਪਾਸੇ ਬੰਨ੍ਹ ਦੀ ਮਜ਼ਬੂਤੀ ਦੇ ਕੰਮ ਦਾ ਵੀ ਜਾਇਜ਼ਾ ਲਿਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ. ਨੇ ਪਟਿਆਲਾ-ਦੇਵੀਗੜ੍ਹ ਰੋਡ ’ਤੇ ਸਥਿਤ ਦਰਿਆ ਟਾਂਗਰੀ ਅਤੇ ਮੀਰਾਪੁਰ ਚੋਅ ਦਾ ਵੀ ਜਾਇਜ਼ਾ ਲਿਆ। ਕੁਮਾਰ ਅਮਿਤ ਨੇ ਡਰੇਨਜ ਵਿਭਾਗ ਦੇ ਅਧਿਕਾਰੀਆਂ ਤੋਂ ਪੂਰੀ ਜਾਣਕਾਰੀ ਹਾਸਲ ਕੀਤੀ।
ਹੜ੍ਹ ਕੰਟਰੋਲ ਰੂਮ ਦਾ ਨੰਬਰ ਜਾਰੀ
ਡੀਸੀ ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਪਾਣੀ ਆਉਣ ਦੀ ਸੂਰਤ ’ਚ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 ’ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਦੌਰਾਨ ਡੀ.ਐਸ.ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ, ਤਹਿਸੀਲਦਾਰ ਰਾਜਪੁਰਾ ਰਮਨਦੀਪ ਕੌਰ, ਤਹਿਸੀਲਦਾਰ ਦੂਧਨਸਾਧਾਂ, ਸਰਬਜੀਤ ਸਿੰਘ ਧਾਲੀਵਾਲ, ਨਾਇਬ ਤਹਿਸੀਲਦਾਰ ਘਨੌਰ ਗੌਰਵ ਬਾਂਸਲ, ਨਾਇਬ ਤਹਿਸੀਲਦਾਰ ਰਾਜਪੁਰਾ ਰਾਜੀਵ ਕੁਮਾਰ, ਐਸ.ਡੀ.ਓ. ਡਰੇਨੇਜ ਨਿਸ਼ਾਂਤ ਗਰਗ, ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਟਿਵਾਣਾ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਇਹ ਵੀ ਪੜ੍ਹੋ : ਉਜੜਿਆ ਹੱਸਦਾ-ਵੱਸਦਾ ਪਰਿਵਾਰ, ਕੁੜੀ ਨੇ ਫਾਹਾ ਲਿਆ, ਮੁੰਡੇ ਨੇ ਕੱਟ ਲਈਆਂ ਨਸਾਂ
ਘੱਗਰ ਦਰਿਆ ’ਚ ਭਾਂਖਰਪੁਰ ਵਿਖੇ 23000 ਕਿਊਸਿਕ ਅਤੇ ਟਾਂਗਰੀ ਨਦੀ ’ਚ ਪਿਹੋਵਾ ਰੋਡ ’ਤੇ 8465 ਕਿਊਸਿਕ ਚੱਲ ਰਿਹੈ ਪਾਣੀ
ਇਸ ਮੌਕੇ ਐਕਸੀਐਨ ਰਮਨਦੀਪ ਸਿੰਘ ਬੈਂਸ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਸ ਵੇਲੇ ਘੱਗਰ ਦਰਿਆ 'ਚ ਭਾਂਖਰਪੁਰ ਵਿਖੇ 23000 ਕਿਊਸਿਕ ਅਤੇ ਟਾਂਗਰੀ ਨਦੀ ’ਚ ਪਿਹੋਵਾ ਰੋਡ ਵਿਖੇ 8465 ਕਿਊਸਿਕ ਪਾਣੀ ਵਹਿ ਰਿਹਾ ਹੈ ਅਤੇ ਡਰੇਨੇਜ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਇਸ ਦੌਰਾਨ ਕੁਮਾਰ ਅਮਿਤ ਅਤੇ ਡਾ. ਸੰਦੀਪ ਗਰਗ ਨੇ ਇਕੱਤਰ ਹੋਏ ਸਥਾਨਕ ਵਸਨੀਕਾਂ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਨੇ ਡੀਸੀ ਕੁਮਾਰ ਅਮਿਤ ਨੂੰ ਆਪਣੀ ਸਮੱਸਿਆਵਾਂ ਦੱਸੀਆਂ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂਤਹਿਤ ਜ਼ਿਲ੍ਹਾ ਪ੍ਰਸ਼ਾਸਨ, ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਨਿਪਟਾਰੇ ਲਈ ਹਰ ਵੇਲੇ ਤਤਪਰ ਹੈ। ਟਾਂਗਰੀ ਨਦੀ ਦੇ ਪੁਲ 'ਤੇ ਚੇਅਰਮੈਨ ਮਾਰਕੀਟ ਕਮੇਟੀ ਜੀਤ ਸਿੰਘ ਮੀਰਾਪੁਰ, ਵਾਈਸ ਚੇਅਰਮੈਨ ਰਮੇਸ਼ ਲਾਂਭਾ, ਕਾਂਗਰਸ ਦੇ ਸਕੱਤਰ ਜੋਗਿੰਦਰ ਸਿੰਘ ਕਾਕੜਾ, ਬਲਾਕ ਸੰਮਤੀ ਮੈਂਬਰ ਰਿੰਕੂ ਮਿੱਤਲ ਤੇ ਸੋਨੀ ਨਿਜਾਮਪੁਰ ਨੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ਗੈਂਗਸਟਰ ਪ੍ਰੀਤ ਸੇਖੋਂ ਭਾਰੀ ਪੁਲਸ ਸੁਰੱਖਿਆ ਹੇਠ ਅਦਾਲਤ ’ਚ ਪੇਸ਼, ਪੰਜ ਦਿਨ ਦਾ ਮਿਲਿਆ ਰਿਮਾਂਡ
ਸਮੁੱਚੀਆਂ ਨਦੀਆਂ ਹਨ ਖਤਰੇ ਦੇ ਨਿਸ਼ਾਨ ਤੋਂ ਪਰੇ: ਕੁਮਾਰ ਅਮਿਤ
ਡੀਸੀ ਕੁਮਾਰ ਅਮਿਤ ਨੇ ਇਸ ਮੌਕੇ ਕਿਹਾ ਕਿ ਘੱਗਰ, ਟਾਂਗਰੀ ਤੇ ਮਾਰਕੰਡਾ ਆਦਿ ਦਰਿਆਵਾਂ ’ਚ ਕੈਚਮੈਂਟ ਖੇਤਰ ’ਚ ਪਈ ਬਰਸਾਤ ਕਰਕੇ ਇਨ੍ਹਾਂ ਨਦੀਆਂ ’ਚ ਪਾਣੀ ਦੀ ਮਾਤਰਾ ਵਧੀ ਹੈ ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਨਾਲ ਇਨ੍ਹਾਂ ਨਦੀਆਂ 'ਚ ਪਾਣੀ ਦੇ ਵਹਾਅ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਇਹ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਵਹਿ ਰਹੀਆਂ ਹਨ ਪਰੰਤੂ ਇਨ੍ਹਾਂ 'ਚ ਪਾਣੀ ਵਧਣ ਦੀ ਸੰਭਾਵਨਾਂ ਦੇ ਮੱਦੇਨਜ਼ਰ ਜਲ ਨਿਕਾਸ ਵਿਭਾਗ ਤੇ ਹੋਰ ਸਬੰਧਤ ਵਿਭਾਗਾਂ ਸਮੇਤ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ।
ਨੋਟ - ਕੀ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਵਲੋਂ ਕੀਤੇ ਜਾਂਦੇ ਪ੍ਰਬੰਧ ਕਾਫੀ ਹਨ?