ਪਟਿਆਲਾ ਜ਼ਿਲ੍ਹੇ ’ਚ ਹਾਲ ਦੀ ਘੜੀ ਹੜ੍ਹਾਂ ਦੀ ਮਾਰ ਨਹੀਂ ਪਰ ਖ਼ਤਰਾ ਬਰਕਰਾਰ

Sunday, Jul 09, 2023 - 05:56 PM (IST)

ਪਟਿਆਲਾ ਜ਼ਿਲ੍ਹੇ ’ਚ ਹਾਲ ਦੀ ਘੜੀ ਹੜ੍ਹਾਂ ਦੀ ਮਾਰ ਨਹੀਂ ਪਰ ਖ਼ਤਰਾ ਬਰਕਰਾਰ

ਪਟਿਆਲਾ (ਪਰਮੀਤ) : ਪਟਿਆਲਾ ਜ਼ਿਲ੍ਹੇ ਵਿਚ ਹਾਲ ਦੀ ਘੜੀ ਹੜ੍ਹਾਂ ਦੀ ਕੋਈ ਮਾਰ ਨਹੀਂ ਹੈ ਪਰ ਖ਼ਤਰਾ ਬਰਕਰਾਰ ਹੈ। ਫਲੱਡ ਕੰਟਰੋਲ ਰੂਮ ਵੱਲੋਂ ਦੁਪਹਿਰ 2.00 ਵਜੇ ਤੱਕ ਵੱਖ-ਵੱਖ ਦਰਿਆਵਾਂ ਵਿਚ ਪਾਣੀ ਦੇ ਪੱਧਰ ਦੀ ਜਾਰੀ ਕੀਤੀ ਰਿਪੋਰਟ ਮੁਤਾਬਕ ਜ਼ਿਲ੍ਹੇ ਵਿਚ ਹੜ੍ਹਾਂ ਦੀ ਸਥਿਤੀ ਕੰਟਰੋਲ ਹੇਠ ਹੈ। ਰਿਪੋਰਟ ਮੁਤਾਬਕ ਮੁਹਾਲੀ ਜ਼ਿਲ੍ਹੇ ਵਿਚ ਪੈਂਦੇ ਡੇਰਾਬੱਸੀ ਦੇ ਭਾਂਖਰਪੁਰ ਵਿਚ ਬੇਸ਼ੱਕ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਖਤਰੇ ਦੇ 10 ਫੁੱਟ ਦੀ ਥਾਂ 11 ਫੁੱਟ ’ਤੇ ਵਹਿ ਰਿਹਾ ਹੈ ਪਰ ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ਵਿਚ ਸਰਾਲਾ ਕਲਾਂ ਵਿਚ ਪਹੁੰਚਦਿਆਂ ਇਹ ਪੱਧਰ ਖ਼ਤਰੇ ਦੇ ਨਿਸ਼ਾਨ 16 ਫੁੱਟ ਦੀ ਥਾਂ ’ਤੇ 15 ਫੁੱਟ ’ਤੇ ਹੀ ਵਹਿ ਰਿਹਾ ਹੈ।

ਜ਼ਿਲ੍ਹੇ ਵਿਚ ਸਨੌਲੀਆਂ ਵਿਚੋਂ ਲੰਘਦਾ ਪੱਚੀਸ ਦਰਾ ਵਿਚ ਖ਼ਤਰੇ ਦਾ ਪੱਧਰ 12 ਫੁੱਟ ਹੈ ਤੇ ਇਹ ਪਾਣੀ 12 ਫੁੱਟ ’ਤੇ ਹੀ ਵਹਿ ਰਿਹਾ ਹੈ। ਇਸੇ ਤਰੀਕੇ ਪਟਿਆਲਾ-ਪਿਹੋਵਾ ਰੋਡ ਤੋਂ ਲੰਘਦੀ ਟਾਂਗੜੀ ਨਦੀ ਵਿਚ ਖ਼ਤਰੇ ਦਾ ਪੱਧਰ 12 ਫੁੱਟ ਹੈ ਜਦੋਂ ਕਿ ਪਾਣੀ 7.40  ਫੁੱਟ  ’ਤੇ ਵਹਿ ਰਿਹਾ ਹੈ। ਇਸੇ ਸੜਕ ਤੋਂ ਟੱਪਦੇ ਮਾਰਕੰਡਾ ਦਰਿਆ ਵਿਚ ਖ਼ਤਰੇ ਦਾ ਪੱਧਰ 20 ਫੁੱਟ ਹੈ ਪਰ ਇਸ ਵਿਚ ਪਾਣੀ ਇਸ ਵੇਲੇ 17 ਫੁੱਟ ’ਤੇ ਵਹਿ ਰਿਹਾ ਹੈ। ਪਟਿਆਲਾ-ਰਾਜਪੁਰਾ ਰੋਡ ਤੋਂ ਲੰਘਦੀ ਪਟਿਆਲਾ ਨਦੀ ਜਿਸਨੂੰ ਸ਼ਹਿਰ ਵਿਚ ਵੱਡੀ ਨਦੀ ਕਿਹਾ ਜਾਂਦਾ ਹੈ ਵਿਚ ਖ਼ਤਰੇ ਦਾ ਪੱਧਰ 12 ਫੁੱਟ ਹੈ ਜਦੋਂ ਕਿ ਇਸ ਵਿਚ ਪਾਣੀ ਇਸ ਵੇਲੇ 5 ਫੁੱਟ ’ਤੇ ਵਹਿ ਰਿਹਾ ਹੈ। 

ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਸਾਕਸ਼ੀ ਸਾਹਨੀ ਨੇ ਇਕ ਹੁਕਮ ਜਾਰੀ ਕਰ ਕੇ ਜ਼ਿਲ੍ਹੇ ਵਿਚ ਪੈਂਦੇ ਸਰਾਲਾ, ਮਾੜੂ, ਸਿਰਕਪੜਾ, ਹਡਾਣਾ, ਪੁਰਮੰਡੀ, ਬਾਦਸ਼ਾਹਪੁਰ ਤੇ ਹਸਨਪੁਰ ਕੰਬੋਜ ਵਿਚ ਦਰਿਆਵਾਂ, ਨਾਲਿਆਂ ਆਦਿ ਦੇ 20 ਮੀਟਰ ਨੇੜੇ ਜਾਣ ’ਤੇ ਪਾਬੰਦੀ ਲਗਾ ਦਿੱਤੀ। ਇਹ ਪਾਬੰਦੀ 11 ਜੁਲਾਈ ਤੱਕ ਜਾਰੀ ਰਹੇਗੀ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਅਰਾਈਂ ਮਾਜਰਾ ਵਿਚ ਵੱਡੀ ਨਦੀ ਨੇੜਲੇ ਘਰਾਂ ਦੇ ਲੋਕਾਂ ਨੂੰ ਆਪਣੇ ਕੀਮਤੀ ਸਮਾਨ ਸਮੇਤ ਪ੍ਰੇਮ ਬਾਗ ਪੈਲੇਸ ਵਿਚ ਸ਼ਿਫਟ ਹੋਣ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਰਾਹਤ ਕੈਂਪਾਂ ਤੇ ਸਹਾਇਕ ਅਫਸਰਾਂ ਦੀ ਸੂਚੀ ਵੀ ਜਨਤਕ ਕੀਤੀ ਹੈ ਜਿਸ ਸਦਕਾ ਲੋਕ ਜਿਥੇ ਕਿਤੇ ਲੋੜ ਹੋਵੇ ਅਫਸਰਾਂ ਨਾਲ ਸੰਪਰਕ ਕਰ ਕੇ ਰਾਹਤ ਤੇ ਮਦਦ ਲੈ ਸਕਦੇ ਹਨ।
 


author

Gurminder Singh

Content Editor

Related News