ਚੰਡੀਗੜ੍ਹ ਤੋਂ ਆਬੂ ਧਾਬੀ ਲਈ ਉਡਾਣ 15 ਮਈ ਤੋਂ, ਏਅਰਲਾਈਨਜ਼ ਨੇ ਬੁਕਿੰਗ ਕੀਤੀ ਸ਼ੁਰੂ

04/13/2024 1:16:02 PM

ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਲਦ ਦੂਜੀ ਅੰਤਰਰਾਸ਼ਟਰੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਹਵਾਈ ਅੱਡੇ ’ਤੇ ਰਾਤ ਨੂੰ ਆਉਣ ਵਾਲੀ ਇਹ ਪਹਿਲੀ ਉਡਾਣ ਹੋਵੇਗੀ। ਇਸ ਤੋਂ ਪਹਿਲਾਂ ਦਿੱਲੀ ਤੋਂ ਆਖ਼ਰੀ ਉਡਾਣ ਰਾਤ 10:45 ਵਜੇ ਪਹੁੰਚਦੀ ਹੈ। ਇੰਡੀਗੋ ਏਅਰਲਾਈਨਜ਼ ਨੇ 15 ਮਈ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਆਈ.) ਦੀ ਰਾਜਧਾਨੀ ਆਬੂ ਧਾਬੀ ਲਈ ਬਿਨਾਂ ਰੁਕੇ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਸ਼ਡਿਊਲ ਅਨੁਸਾਰ ਉਡਾਣ ਨੰਬਰ 6ਈ1417 ਆਬੂ ਧਾਬੀ ਤੋਂ ਰਾਤ 10:15 ਵਜੇ ਉਡਾਣ ਭਰੇਗੀ ਤੇ ਮੱਧ ਰਾਤ 3:30 ਵਜੇ ਚੰਡੀਗੜ੍ਹ ਪਹੁੰਚੇਗੀ। ਉੱਥੇ ਹੀ ਉਡਾਣ ਨੰਬਰ 6ਈ1418 ਚੰਡੀਗੜ੍ਹ ਤੋਂ ਮੱਧ ਰਾਤ 2:45 ਵਜੇ ਉਡਾਣ ਭਰ ਕੇ ਸਵੇਰੇ 5:15 ਵਜੇ ਆਬੂ ਧਾਬੀ ਪਹੁੰਚ ਜਾਵੇਗੀ। ਇਸ ਨਾਲ ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਿਮਾਚਲ ਤੇ ਹਰਿਆਣਾ ਦੇ ਵਪਾਰੀਆਂ ਨੂੰ ਫ਼ਾਇਦਾ ਹੋਵੇਗਾ। ਉੱਥੇ ਹੀ ਏਅਰਲਾਈਨਜ਼ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

ਚੰਡੀਗੜ੍ਹ ਤੋਂ ਆਬੂ ਧਾਬੀ ਲਈ 15,215 ਰੁਪਏ ਦੇਣੇ ਪੈਣਗੇ। ਇਹ ਫਲੈਕਸੀ ਫੇਅਰ ’ਤੇ ਆਧਾਰਿਤ ਹੈ। ਇਸ ਬਾਰੇ ਸੀ. ਈ. ਓ. ਰਾਕੇਸ਼ ਆਰ. ਸਹਾਏ ਨੇ ਦੱਸਿਆ ਕਿ ਆਬੂ ਧਾਬੀ ਦੀ ਉਡਾਣ ਨੂੰ ਲੈ ਕੇ ਜਾਣਕਾਰੀ ਮਿਲੀ ਹੈ। ਕਸਟਮ ਤੇ ਇੰਮੀਗ੍ਰੇਸ਼ਨ ਅਥਾਰਟੀ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਸ਼ਡਿਊਲ ਬਾਰੇ ਜਾਣੂੰ ਕਰਵਾਇਆ ਜਾਵੇਗਾ।
 


Babita

Content Editor

Related News