ਪੁਲਸ ਨੇ ਪੈਰਾ-ਮਿਲਟਰੀ ਫੋਰਸ ਨਾਲ ਕੀਤਾ ਫਲੈਗ ਮਾਰਚ
Thursday, Aug 24, 2017 - 08:06 AM (IST)
ਪਟਿਆਲਾ (ਬਲਜਿੰਦਰ) - ਡੇਰਾ ਸਿਰਸਾ ਮੁਖੀ ਸਬੰਧੀ ਸੀ. ਬੀ. ਆਈ. ਅਦਾਲਤ ਪੰਚਕੂਲਾ ਦੇ ਫੈਸਲੇ ਤੋਂ 2 ਦਿਨ ਪਹਿਲਾਂ ਪਟਿਆਲਾ ਵਿਚ ਅੱਜ ਭਾਰੀ ਗਿਣਤੀ 'ਚ ਪਟਿਆਲਾ ਪੁਲਸ ਨੇ ਪੈਰਾ-ਮਿਲਟਰੀ ਫੋਰਸ ਨਾਲ ਮਿਲ ਕੇ ਫਲੈਗ ਮਾਰਚ ਕੀਤਾ, ਜੋ ਪੁਲਸ ਲਾਈਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚੋਂ ਹੁੰਦਾ ਹੋਇਆ ਵਾਪਸ ਪੁਲਸ ਲਾਈਨ ਵਿਖੇ ਹੀ ਖਤਮ ਹੋਇਆ। ਫਲੈਗ ਮਾਰਚ ਦੀ ਅਗਵਾਈ ਐੱਸ. ਪੀ. ਸਿਟੀ ਕੇਸਰ ਸਿੰਘ ਧਾਲੀਵਾਲ ਕਰ ਰਹੇ ਸਨ। ਉਨ੍ਹਾਂ ਨਾਲ ਡੀ. ਐੱਸ. ਪੀ. ਸਿਟੀ-1 ਸੌਰਵ ਜਿੰਦਲ, ਡੀ. ਐੱਸ. ਪੀ. ਸਿਟੀ-2 ਸੁਖਅੰਮ੍ਰਿਤ ਸਿੰਘ ਰੰਧਾਵਾ, ਡੀ. ਐੱਸ. ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ, ਐੱਸ. ਐੱਚ. ਓ. ਕੋਤਵਾਲੀ ਇੰਸ. ਰਾਹੁਲ ਕੌਸ਼ਲ, ਐੱਸ. ਐੱਚ. ਓ. ਡਵੀਜ਼ਨ ਨੰ. 2 ਸੁਰਿੰਦਰ ਭੱਲਾ, ਐੱਸ. ਐੱਚ. ਓ. ਲਾਹੌਰੀ ਗੇਟ ਜਾਨਪਾਲ ਸਿੰਘ, ਐੱਸ. ਐੱਚ. ਓ. ਅਨਾਜ ਮੰਡੀ ਹੈਰੀ ਬੋਪਾਰਾਏ, ਐੱਸ. ਐੱਚ. ਓ. ਅਰਬਨ ਅਸਟੇਟ ਹਰਜਿੰਦਰ ਸਿੰਘ ਢਿੱਲੋਂ, ਐੱਸ. ਐੱਚ. ਓ. ਸਿਵਲ ਲਾਈਨ ਜੇ. ਐੱਸ. ਰੰਧਾਵਾ, ਐੱਸ. ਐੱਚ. ਓ. ਬਖਸ਼ੀਵਾਲਾ ਗੁਰਨਾਮ ਸਿੰਘ, ਐੱਸ. ਐੱਚ. ਓ. ਤ੍ਰਿਪੜੀ ਇੰਸ. ਰਾਜੇਸ਼ ਮਲਹੋਤਰਾ ਸ਼ਾਮਲ ਸਨ।
ਐੱਸ. ਪੀ. ਐੱਚ. ਅਮਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪਟਿਆਲਾ ਵਿਚ 2500 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। 5 ਕੰਪਨੀਆਂ ਪੈਰਾ-ਮਿਲਟਰੀ ਫੋਰਸ ਦੀਆਂ ਪਹੁੰਚ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੂਰੀ ਸਥਿਤੀ ਕਾਬੂ ਵਿਚ ਹੈ। ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਰਾਤ ਨੂੰ ਨਾਈਟ ਪਟਰੋਲਿੰਗ ਵਧਾ ਦਿੱਤੀ ਹੈ। 24 ਘੰਟੇ ਕੰਟਰੋਲ ਰੂਮ ਪੂਰੀ ਤਰ੍ਹਾਂ ਚੌਕੰਨੇ ਕਰ ਦਿੱਤੇ ਗਏ ਹਨ। ਸਭ ਤੋਂ ਅਹਿਮ ਗੱਲ ਹੈ ਕਿ ਇਸ ਵਾਰ ਪੁਲਸ ਸੋਸ਼ਲ ਮੀਡੀਆ 'ਤੇ ਵਿਸ਼ੇਸ਼ ਨਜ਼ਰ ਰੱਖ ਰਹੀ ਹੈ।
ਉਨ੍ਹਾਂ ਦੱਸਿਆ ਕਿ 25 ਅਗਸਤ ਨੂੰ ਸਮੁੱਚੇ ਬਾਰਡਰ ਸੀਲ ਕਰ ਦਿੱਤੇ ਜਾਣਗੇ। ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਨੇ ਦੱਸਿਆ ਕਿ ਕਿਸੇ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿਚ ਨਹੀਂ ਲੈਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਉਹ ਖੁਦ ਸਮਾਣਾ, ਪਾਤੜਾਂ ਤੇ ਪਟਿਆਲਾ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਇੰਟਰ ਸਟੇਟ ਮੀਟਿੰਗਾਂ ਪਹਿਲਾਂ ਹੀ ਕਰ ਲਈਆਂ ਗਈਆਂ ਹਨ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦੀ ਅਫਵਾਹ ਵਿਚ ਨਾ ਆਉਣ ਅਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ।
