ਚਾਰ ਰਾਜਾਂ ਤੋਂ ਵਾਹਨ ਚੋਰੀ ਕਰਕੇ ਦਿੱਲੀ ਵਿਖੇ ਸਕ੍ਰੈਪ ''ਚ ਵੇਚਣ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫਤਾਰ

Wednesday, Oct 04, 2017 - 07:30 AM (IST)

ਚਾਰ ਰਾਜਾਂ ਤੋਂ ਵਾਹਨ ਚੋਰੀ ਕਰਕੇ ਦਿੱਲੀ ਵਿਖੇ ਸਕ੍ਰੈਪ ''ਚ ਵੇਚਣ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫਤਾਰ

ਚੰਡੀਗੜ੍ਹ, (ਸੁਸ਼ੀਲ)- ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਨਵੀਂ ਦਿੱਲੀ ਤੋਂ ਵਾਹਨ ਚੋਰੀ ਕਰਨ ਵਾਲੇ ਇੰਟਰਸਟੇਟ ਗੈਂਗ ਦੇ 5 ਮੈਂਬਰਾਂ ਨੂੰ ਕ੍ਰਾਈਮ ਬ੍ਰਾਂਚ ਨੇ ਦਬੋਚ ਲਿਆ, ਜਿਨ੍ਹਾਂ ਦੀ ਪਛਾਣ ਗਿਰੋਹ ਦੇ ਸਰਗਨਾ ਦਿੱਲੀ ਦੇ ਚੰਦਰ ਵਿਹਾਰ ਵਾਸੀ ਚਨਪ੍ਰੀਤ ਸਿੰਘ ਉਰਫ ਚੰਨੀ, ਅੰਬਾਲਾ ਸਿਟੀ ਦੇ ਗੋਬਿੰਦ ਵਿਹਾਰ ਵਾਸੀ ਹਰਪ੍ਰੀਤ ਸਿੰਘ, ਕੁਰੂਕਸ਼ੇਤਰ ਦੇ ਪਿੰਡ ਰਤਨਗੜ੍ਹ ਕਕਰੋਲੀ ਵਾਸੀ ਸ਼ੇਰ ਸਿੰਘ, ਯਮੁਨਾਨਗਰ ਦੇ ਪਿੰਡ ਸੰਧਾਲਾ ਵਾਸੀ ਰਾਜਕੁਮਾਰ, ਅੰਬਾਲਾ ਸਿਟੀ ਦੇ ਨਿਊ ਵਿਵੇਕ ਵਿਹਾਰ ਦੇ ਧਨਵਿੰਦਰ ਸ਼ਰਮਾ ਤੇ ਮਲੋਟ ਦੇ ਪਿੰਡ ਬਲੋਚੋੜਾ ਵਾਸੀ ਸਕ੍ਰੈਪ ਡੀਲਰ ਸੰਜੀਵ ਕੁਮਾਰ ਉਰਫ ਕਾਲੀ ਦੇ ਰੂਪ 'ਚ ਹੋਈ। ਪੁਲਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ 36 ਵਾਹਨ ਬਰਾਮਦ ਕੀਤੇ ਹਨ। ਇਨ੍ਹਾਂ 'ਚ 13 ਚਾਰ ਪਹੀਆ ਤੇ 23 ਦੋਪਹੀਆ ਵਾਹਨ ਹਨ। 
ਪੁਲਸ ਨੇ ਦੱਸਿਆ ਕਿ ਚੰਨਪ੍ਰੀਤ ਸਿੰਘ ਤੇ ਸਕ੍ਰੈਪ ਡੀਲਰ ਸੰਜੀਵ ਕੁਮਾਰ 15 ਗੱਡੀਆਂ ਦਿੱਲੀ 'ਚ ਸਕ੍ਰੈਪ 'ਚ ਵੇਚ ਚੁੱਕੇ ਹਨ। ਗਿਰੋਹ ਨੇ ਮੋਟਰਸਾਈਕਲ ਤੋਂ ਲੈ ਕੇ ਟਰੱਕ ਤਕ ਚੋਰੀ ਕੀਤੇ ਹਨ। ਚੋਰੀ ਦੀਆਂ ਗੱਡੀਆਂ ਨੂੰ ਇਹ 50 ਹਜ਼ਾਰ ਤੋਂ ਲੈ ਕੇ 2 ਲੱਖ ਤਕ ਸਕ੍ਰੈਪ 'ਚ ਵੇਚਦੇ ਸਨ ਤੇ ਰੁਪਏ ਆਪਸ 'ਚ ਵੰਡ ਲੈਂਦੇ ਸਨ। ਕ੍ਰਾਈਮ ਬ੍ਰਾਂਚ ਨੇ ਵਾਹਨ ਚੋਰਾਂ 'ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ।
ਪਹਿਲਾਂ ਵੀ ਦਰਜ ਹਨ ਚੋਰੀ ਦੇ ਮਾਮਲੇ
ਵਾਹਨ ਚੋਰ ਗਿਰੋਹ ਦੇ ਮੈਂਬਰਾਂ 'ਤੇ ਇਸ ਤੋਂ ਪਹਿਲਾਂ ਵੀ ਕਈ ਦਰਜਨ ਅਪਰਾਧਿਕ ਮਾਮਲੇ ਦਰਜ ਹਨ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਚੰਨਪ੍ਰੀਤ, ਰਾਜ ਕੁਮਾਰ ਤੇ ਸ਼ੇਰ ਸਿੰਘ ਪਹਿਲਾਂ ਵੀ ਕਈ ਵਾਰ ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਦਿੱਲੀ ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਚੰਨਪ੍ਰੀਤ ਨੂੰ ਕੁਝ ਮਹੀਨੇ ਪਹਿਲਾਂ ਪੰਚਕੂਲਾ ਪੁਲਸ ਨੇ ਫੜਿਆ ਸੀ। ਪੁਲਸ ਨੇ ਉਸ ਕੋਲੋਂ ਕਈ ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਸਨ। ਜ਼ਮਾਨਤ ਮਿਲਣ ਦੇ ਬਾਅਦ ਉਸਨੇ ਚੰਡੀਗੜ੍ਹ, ਪੰਚਕੂਲਾ, ਰਾਜਪੁਰਾ, ਪਟਿਆਲਾ, ਯਮੁਨਾਨਗਰ ਤੇ ਨਵੀਂ ਦਿੱਲੀ ਤੋਂ ਗੱਡੀਆਂ ਚੋਰੀ ਕੀਤੀਆਂ ਸਨ।
ਕਾਰ ਸਮੇਤ ਦਬੋਚਿਆ ਗਿਆ ਸੀ ਚੰਨਪ੍ਰੀਤ
ਐੱਸ. ਪੀ. ਆਪ੍ਰੇਸ਼ਨ ਰਵੀ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ 'ਚ ਵਾਹਨ ਚੋਰ ਗਿਰੋਹ ਨੂੰ ਫੜਨ ਲਈ ਡੀ. ਐੱਸ. ਪੀ. ਕ੍ਰਾਈਮ ਪਵਨ ਕੁਮਾਰ ਦੀ ਅਗਵਾਈ 'ਚ ਸਪੈਸ਼ਲ ਟੀਮ ਬਣਾਈ ਗਈ ਸੀ। ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਅਮਨਜੋਤ ਨੇ ਗਿਰੋਹ ਦੇ ਸਰਗਨੇ ਨੂੰ 22 ਸਤੰਬਰ ਨੂੰ ਸਾਰੰਗਪੁਰ ਥਾਣੇ ਨੇੜੇ ਟਰੈਪ ਲਾ ਕੇ ਦਬੋਚਿਆ ਸੀ। ਪੁਲਸ ਨੇ ਉਸ ਕੋਲੋਂ ਰਾਜਪੁਰੇ ਤੋਂ ਚੋਰੀ ਕੀਤੀ ਲਾਂਸਰ ਕਾਰ ਬਰਾਮਦ ਕੀਤੀ ਸੀ। ਮੁਲਜ਼ਮ ਨੇ ਕਾਰ 'ਤੇ ਜਾਅਲੀ ਨੰਬਰ ਲਗਾਇਆ ਹੋਇਆ ਸੀ। 
ਪੁਲਸ ਨੇ ਚੰਨਪ੍ਰੀਤ ਦੀ ਨਿਸ਼ਾਨਦੇਹੀ 'ਤੇ ਚੋਰੀ ਦੇ ਪੰਜ ਵਾਹਨ ਬਰਾਮਦ ਕੀਤੇ। ਇਸ 'ਚ ਲਾਂਸਰ ਕਾਰ, ਇਨੋਵਾ, ਮਾਰੂਤੀ ਕਾਰ, ਹੀਰੋ ਹਾਂਡਾ ਮੋਟਰਸਾਈਕਲ ਤੇ ਐਕਟਿਵਾ ਸ਼ਾਮਲ ਸਨ। ਚੰਨਪ੍ਰੀਤ ਨੇ ਪੁੱਛਗਿੱਛ ਦੌਰਾਨ ਗਿਰੋਹ ਦੇ ਹੋਰਨਾਂ ਮੈਂਬਰਾਂ ਦਾ ਖੁਲਾਸਾ ਕੀਤਾ। ਇਸਦੇ ਬਾਅਦ ਪੁਲਸ ਟੀਮ ਨੇ ਗਿਰੋਹ ਦੇ ਸਰਗਨੇ ਰਾਜ ਕੁਮਾਰ, ਧਨਵਿੰਦਰ ਸਿੰਘ, ਹਰਪ੍ਰੀਤ ਸਿੰਘ, ਸ਼ੇਰ ਸਿੰਘ ਤੇ ਸੰਜੀਵ ਕੁਮਾਰ ਨੂੰ ਦਬੋਚ ਲਿਆ। ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਚੋਰੀ ਦੇ 11 ਵਾਹਨ ਬਰਾਮਦ ਕੀਤੇ ਤੇ ਚੰਡੀਗੜ੍ਹ 'ਚ ਦਰਜ ਕੇਸ ਸੁਲਝਾਏ। 
ਉਥੇ ਹੀ ਪੁੱਛਗਿੱਛ 'ਚ ਸਕ੍ਰੈਪ ਡੀਲਰ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਗਿਰੋਹ ਦੇ ਮੈਂਬਰਾਂ ਤੋਂ ਚੋਰੀ ਦੇ ਵਾਹਨ ਖਰੀਦ ਕੇ ਵੇਚਦਾ ਹੈ। ਪਿਛਲੇ ਮਹੀਨੇ ਉਸਨੇ ਚੰਨਪ੍ਰੀਤ ਤੋਂ 19 ਦੋਪਹੀਆ ਵਾਹਨ ਖਰੀਦੇ ਸਨ, ਜੋ ਦੜੂਆ 'ਚ ਟਰੱਕ 'ਚ ਲੋਡ ਹੋਏ ਪਏ ਹਨ। ਪੁਲਸ ਨੇ ਸੰਜੀਵ ਦੀ ਨਿਸ਼ਾਨਦੇਹੀ 'ਤੇ ਦੜਵਾ ਤੋਂ ਦੋਪਹੀਆ ਵਾਹਨਾਂ ਨਾਲ ਭਰਿਆ ਟਰੱਕ ਬਰਾਮਦ ਕਰ ਲਿਆ। ਪੁਲਸ ਨੂੰ ਟਰੱਕ 'ਚੋਂ 21 ਦੋ ਪਹੀਆ ਵਾਹਨ ਬਰਾਮਦ ਹੋਏ।
ਸੰਜੀਵ ਨੇ ਪੁਲਸ ਪੁੱਛਗਿੱਛ 'ਚ ਇਹ ਵੀ ਦੱਸਿਆ ਕਿ ਚੰਨਪ੍ਰੀਤ ਸਿੰਘ ਤੇ ਰਾਜਕੁਮਾਰ ਨੇ ਦਿੱਲੀ ਤੋਂ ਚੋਰੀ ਕੀਤੀਆਂ 15 ਹੋਰ ਕਾਰਾਂ ਵੀ ਉਸਨੂੰ ਵੇਚੀਆਂ ਸਨ। ਇਨ੍ਹਾਂ 'ਚੋਂ 12 ਆਲਟੋ, 2 ਵਰਨਾ ਤੇ 1 ਹਾਂਡਾ ਸਿਟੀ ਸੀ। ਉਸਨੇ ਇਨ੍ਹਾਂ ਸਾਰੀਆਂ ਗੱਡੀਆਂ ਨੂੰ ਤੋੜ ਕੇ ਉਨ੍ਹਾਂ ਦੇ ਪਾਰਟਸ ਕਸਟਮਰਾਂ ਨੂੰ ਵੇਚ ਦਿੱਤੇ ਸਨ। ਕ੍ਰਾਈਮ ਬ੍ਰਾਂਚ ਦੀ ਟੀਮ ਹੁਣ ਦਿੱਲੀ ਵਾਲੇ ਸਕ੍ਰੈਪ ਡੀਲਰ ਦੀ ਭਾਲ ਕਰ ਰਹੀ ਹੈ।


Related News