ਸੰਗਰੂਰ 'ਚ ਕੋਰੋਨਾ ਦੀ ਦਸਤਕ, ਪਹਿਲਾ ਪਾਜ਼ੇਟਿਵ ਕੇਸ ਆਇਆ ਸਾਹਮਣੇ

Thursday, Apr 09, 2020 - 06:13 PM (IST)

ਸੰਗਰੂਰ 'ਚ ਕੋਰੋਨਾ ਦੀ ਦਸਤਕ, ਪਹਿਲਾ ਪਾਜ਼ੇਟਿਵ ਕੇਸ ਆਇਆ ਸਾਹਮਣੇ

ਸੰਗਰੂਰ (ਦਿਲਜੀਤ ਬੇਦੀ, ਵਿਵੇਕ ਸਿੰਧਵਾਨੀ) : ਕੋਰੋਨਾ ਵਾਇਰਸ ਦੀ ਦਹਿਸ਼ਤ ਪੰਜਾਬ 'ਚ ਲਗਾਤਾਰ ਵਧ ਰਹੀ ਹੈ। ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ 'ਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਜ਼ਿਲ੍ਹਾ ਸੰਗਰੂਰ ਅੰਦਰ ਵੀ ਇੱਕ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਤੋਂ ਮਹਿਜ ਅੱਠ ਕਿਲੋਮੀਟਰ ਦੂਰ ਪਿੰਡ ਗੱਗੜਪੁਰ ਦੇ ਇਕ ਵਿਅਕਤੀ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ਨਾਲ ਸਿਹਤ ਵਿਭਾਗ ਹਰਕਤ 'ਚ ਆ ਗਿਆ ਹੈ। ਉਕਤ ਵਿਅਕਤੀ ਜਿਸ ਦੀ ਉਮਰ 60 ਸਾਲ ਤੋਂ ਉੱਪਰ ਦੱਸੀ ਜਾਂਦੀ ਹੈ, ਟਾਟਾ ਕੰਪਨੀ 'ਚ ਨੌਕਰੀ ਕਰਦਾ ਸੀ।

ਇਹ ਵੀ ਪੜ੍ਹੋ ► ਜਲੰਧਰ 'ਚ 3 ਹੋਰ ਕੇਸ ਪਾਜ਼ੇਟਿਵ, ਵਧਿਆ ਕੋਰੋਨਾ ਦਾ ਕਹਿਰ

ਇੱਥੇ ਇਹ ਦੱਸ ਦਈਏ ਕਿ ਉਕਤ ਪਾਜ਼ੇਟਿਵ ਮਰੀਜ਼ ਨੇ 24 ਮਾਰਚ ਨੂੰ ਦਿੱਲੀ ਸਾਹਨੇਵਾਲ ਹਵਾਈ ਉਡਾਣ 'ਚ ਸਫਰ ਕੀਤਾ ਸੀ। ਇਸ ਉਡਾਣ 'ਚ ਸਫਰ ਕਰਨ ਵਾਲੇ ਲੁਧਿਆਣੇ ਦੇ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਗਗੜਪੁਰ ਦੇ ਇਸ ਵਿਅਕਤੀ ਨੂੰ ਵੀ ਇਕਾਂਤਵਾਸ 'ਚ ਰੱਖਿਆ ਗਿਆ ਸੀ। ਉਕਤ ਵਿਅਕਤੀ ਦਿੱਲੀ ਤੋਂ ਸਾਹਨੇਵਾਲ ਆਇਆ ਸੀ ਅਤੇ ਫਿਰ ਸੰਗਰੂਰ ਆਇਆ ਸੀ। ਇਸ ਦੌਰਾਨ ਜਦੋਂ ਉਸ ਦਾ ਟੈਸਟ ਜਾਂਚ ਲਈ ਲੈਬ 'ਚ ਭੇਜਿਆ ਗਿਆ ਤਾਂ ਉਸ ਦੀ ਰਿਪੋਰਟ ਨੈਗੇਟਿਵ ਆਈ।

ਕੁਝ ਦਿਨ ਬਾਅਦ ਸਿਹਤ ਵਿਭਾਗ ਉਸ ਨੂੰ ਮਸਤੂਆਣਾ ਸਾਹਿਬ ਵਿਖੇ ਬਣਾਏ ਸਪੈਸ਼ਲ ਆਈਸੋਲੇਸ਼ਨ ਕੇਂਦਰ 'ਚ ਲੈ ਕੇ ਆਏ ਅਤੇ ਦੁਬਾਰਾ ਉਸ ਦਾ ਟੈਸਟ ਜਾਂਚ ਲਈ ਭੇਜਿਆ, ਜਿੱਥੇ ਅੱਜ ਉਕਤ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸੰਗਰੂਰ ਦੇ ਸਿਵਲ ਸਰਜਨ ਡਾਕਟਰ ਰਾਜ਼ ਕੁਮਾਰ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਵਿਅਕਤੀ ਨੂੰ ਪਹਿਲਾ ਹੀ ਆਈਸੋਲੇਸ਼ਨ ਵਾਰਡ 'ਚ ਰੱਖਿਆ ਹੋਇਆ ਹੈ ਅਤੇ ਹੁਣ ਵਿਭਾਗ ਉਸ ਦੇ ਪਰਿਵਾਰ ਅਤੇ ਉਸ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੀ ਵੀ ਜਾਂਚ ਕਰੇਗਾ।

ਇਹ ਵੀ ਪੜ੍ਹੋ ► ਵੱਡੀ ਖਬਰ : ਕੋਰੋਨਾ ਦੇ ਗੜ੍ਹ ਬਣੇ 'ਜਵਾਹਰਪੁਰ' 'ਚ ਨਵਾਂ ਕੇਸ, ਪਿੰਡ 'ਚ 22 ਹੋਈ ਮਰੀਜ਼ਾਂ ਦੀ ਗਿਣਤੀ

ਇਲਾਕਾ ਕੀਤਾ ਸਾਲ
ਹਾਲਾਤ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਨੇ ਦੱਸਿਆ ਕਿ ਪਿੰਡ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ। ਉਕਤ ਵਿਅਕਤੀ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੇ ਵੀ ਸੈਂਪਲ ਲਏ ਜਾ ਰਹੇ ਹਨ।

ਪੰਜਾਬ 'ਚ ਕੋਰੋਨਾ ਦਾ ਕਹਿਰ
ਪੰਜਾਬ 'ਚ ਹੁਣ ਤੱਕ 129 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਇਸ ਨਾਲ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 37 ਕੇਸ ਹਨ। ਨਵਾਂਸ਼ਹਿਰ 'ਚ ਕੋਰੋਨਾ ਦੇ 19 ਕੇਸ, ਹੁਸ਼ਿਆਰਪੁਰ ਦੇ 07 ਕੇਸ,ਜਲੰਧਰ ਦੇ 11 ਕੇਸ, ਲੁਧਿਆਣਾ 'ਚ 09 ਪਾਜ਼ੇਟਿਵ ਕੇਸ, ਅੰਮ੍ਰਿਤਸਰ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 11, ਪਟਿਆਲਾ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 1, ਰੋਪੜ 'ਚ ਕੋਰੋਨਾ ਦੇ 03 ਮਰੀਜ਼, ਮਾਨਸਾ 'ਚ 11 ਮਰੀਜ਼, ਪਠਾਨਕੋਟ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 07, ਫਰੀਦਕੋਟ 2 ਕੇਸ, ਬਰਨਾਲਾ 'ਚ 2 ਕੇਸ, ਕਪੂਰਥਲਾ ਦਾ 1 ਕੇਸ ਪਾਜ਼ੇਟਿਵ, ਮੋਗਾ ਦੇ 4 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਫਤਿਹਗੜ ਸਾਹਿਬ ਦੇ 02 ਪਾਜ਼ੇਟਿਵ ਕੇਸ, ਮੁਕਤਸਰ 'ਚ 1, ਸੰਗਰੂਰ 'ਚ 1 ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ ► ਅੰਮ੍ਰਿਤਸਰ ਜ਼ਿਲ੍ਹੇ 'ਚ ਸਾਹਮਣੇ ਆਇਆ ਸਭ ਤੋਂ ਘੱਟ ਉਮਰ ਵਾਲਾ ਕੋਰੋਨਾ ਪਾਜ਼ੇਟਿਵ ਦਾ ਮਾਮਲਾ


author

Anuradha

Content Editor

Related News