ਚੰਗੀ ਖ਼ਬਰ : ਪੰਜਾਬ ਦਾ ਪਹਿਲਾ ''ਬ੍ਰੈਸਟ ਮਿਲਕ ਪੰਪ'' ਲੁਧਿਆਣਾ ''ਚ ਸਥਾਪਿਤ, ਜਾਣੋ ਕੀ ਨੇ ਖ਼ਾਸੀਅਤਾਂ
Saturday, Sep 11, 2021 - 09:24 AM (IST)
ਲੁਧਿਆਣਾ (ਰਾਜ) : ਨਵਜਨਮੇ ਬੱਚਿਆਂ ਨੂੰ ਮਾਂ ਦਾ ਦੁੱਧ ਦੇਣ ਲਈ ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ ’ਚ ਪਹਿਲਾ ਬ੍ਰੈਸਟ ਮਿਲਕ ਪੰਪ ਸਥਾਪਿਤ ਕੀਤਾ ਗਿਆ ਹੈ। ਇਹ ਪੰਜਾਬ ਦਾ ਪਹਿਲਾ ਬ੍ਰੈਸਟ ਪੰਪ ਹੈ। ਨਰਸਾਂ ਬ੍ਰੈਸਟ ਮਿਲਕ ਪੰਪ ਤੋਂ ਮਾਂ ਦਾ ਦੁੱਧ ਪ੍ਰਾਪਤ ਕਰ ਕੇ ਨਵਜਨਮੇ ਬੱਚਿਆਂ ਨੂੰ ਦੇਣਗੀਆਂ। ਸ਼ੁੱਕਰਵਾਰ ਨੂੰ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਕੌਂਸਲਰ ਮਮਤਾ ਆਸ਼ੂ ਨੇ ਇਸ ਦਾ ਉਦਘਾਟਨ ਕੀਤਾ।
ਇਸ ਦੌਰਾਨ ਉਨ੍ਹਾਂ ਨਾਲ ਏ. ਡੀ. ਸੀ. ਅਮਿਤ ਕੁਮਾਰ, ਹਰਜਿੰਦਰ ਸਿੰਘ ਬੇਦੀ ਅਤੇ ਹੋਰ ਮੌਜੂਦ ਸਨ। ਦਰਅਸਲ ਨਵਜਨਮੇ ਬੱਚੇ ਨੂੰ ਮਾਂ ਦਾ ਦੁੱਧ ਦੇਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਮਾਂ ਦਾ ਦੁੱਧ ਬੱਚੇ ਲਈ ਪੌਸ਼ਟਿਕ ਹੁੰਦਾ ਹੈ ਪਰ ਡਲਿਵਰੀ ਤੋਂ ਬਾਅਦ ਬੱਚੇ ਨੂੰ ਦੁੱਧ ਪਿਲਾਉਣ ਵਿਚ ਮਾਂ ਕਈ ਵਾਰ ਅਸਮਰੱਥ ਹੁੰਦੀ ਹੈ, ਜਿਸ ਕਾਰਨ ਨਵਜਨਮੇ ਬੱਚੇ ਨੂੰ ਸਮੇਂ ’ਤੇ ਦੁੱਧ ਨਹੀਂ ਮਿਲ ਪਾਉਂਦਾ।
ਹੁਣ ਇਸ ਬ੍ਰੈਸਟ ਮਿਲਕ ਪੰਪ ਦੀ ਮਦਦ ਨਾਲ ਨਰਸ ਮਾਂ ਦਾ ਦੁੱਧ ਕੱਢ ਸਕੇਗੀ ਅਤੇ ਉਸੇ ਬੱਚੇ ਨੂੰ ਪਿਲਾ ਸਕੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10 ਮੈਨੂਅਲ ਪੰਪ, 16 ਕੰਟੇਨਰ, 2 ਇਲੈਕਟ੍ਰਿਕ ਪੰਪ ਅਤੇ 1 ਸਟਰਲਾਈਜ਼ਰ ਦਿੱਤੇ ਗਏ ਹਨ।
ਇਸ ਮੌਕੇ ਏ. ਡੀ. ਸੀ. ਅਮਿਤ ਕੁਮਾਰ ਨੇ ਕਿਹਾ ਕਿ ਬੱਚੇ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਪਹਿਲੇ ਘੰਟੇ ਦੇ ਅੰਦਰ ਅਤੇ 6 ਮਹੀਨੇ ਤੱਕ ਮਾਂ ਦਾ ਦੁੱਧ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਮਾਂ ਦੇ ਦੁੱਧ ਨਾਲ ਬੱਚੇ ਨੂੰ ਉਹ ਸਾਰੀ ਊਰਜਾ ਅਤੇ ਪੋਸ਼ਕ ਤੱਤ ਮਿਲਦੇ ਹਨ, ਜਿਨ੍ਹਾਂ ਦੀ ਉਸ ਨੂੰ ਲੋੜ ਹੁੰਦੀ ਹੈ।
ਨੋਟ : ਲੁਧਿਆਣਾ ’ਚ ਪੰਜਾਬ ਦਾ ਪਹਿਲਾ ਬ੍ਰੈਸਟ ਮਿਲਕ ਪੰਪ ਸਥਾਪਿਤ ਕੀਤੇ ਜਾਣ ਬਾਰੇ ਕੀ ਹੈ ਤੁਹਾਡੀ ਰਾਏ?