ਵਿਸਾਖੀ ਮੌਕੇ ਹੁਸੈਨੀਵਾਲਾ ਸ਼ਹੀਦੀ ਸਮਾਰਕਾਂ ’ਤੇ ਨਤਮਸਤਕ ਹੋਏ ਡੀ. ਸੀ
Monday, Apr 15, 2019 - 03:56 AM (IST)

ਫਿਰੋਜ਼ਪੁਰ (ਕੁਮਾਰ, ਭੁੱਲਰ, ਸੋਨੂੰ)-ਡਿਪਟੀ ਕਮਿਸ਼ਨਰ ਚੰਦਰ ਗੈਂਦ ਵਿਸਾਖੀ ਦਿਹਾਡ਼ੇ ਮੌਕੇ ਹੁਸੈਨੀਵਾਲਾ ਬਾਰਡਰ ਸਥਿਤ ’ਤੇ ਲੱਗਣ ਵਾਲੇ ਮੇਲ ਵਿਚ ਸ਼ਾਮਲ ਹੋਏ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਡਿਪਟੀ ਕਮਿਸ਼ਨਰ ਦੇ ਨਾਲ ਜ਼ਿਲਾ ਪ੍ਰਸ਼ਾਸਨ ਤੇ ਪੁਲਸ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਵਿਸਾਖੀ ਦਾ ਪਵਿੱਤਰ ਦਿਹਾਡ਼ਾ ਹੈ ਅਤੇ ਨਾਲ ਹੀ ਅੱਜ ਜਲਿਆਂਵਾਲਾ ਬਾਗ ਦੀ ਦੁਖਾਂਤ ਘਟਨਾ ਨੂੰ ਪੂਰੇ 100 ਸਾਲ ਹੋ ਗਏ ਹਨ। ਇਸ ਘਟਨਾ ਦੇ 100 ਸਾਲ ਪੂਰੇ ਹੋਣ ’ਤੇ ਦੇਸ਼ ਭਰ ਦੇ ਲੋਕ ਸ਼ਹੀਦਾਂ ਅੱਗੇ ਨਤਮਸਤਕ ਹਨ। ਉਨ੍ਹਾਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਰਾਜ ਮਾਤਾ ਵਿਦਿਆਵਤੀ ਦੇ ਸਮਾਧੀ ਸਥਲ ’ਤੇ ਸ਼ਰਧਾ ਦੇ ਫੁਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ। ਮੇਲੇ ਵਿਚ ਪਹੁੰਚੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਵਿਭਾਗ ਵੱਲੋਂ ਸਖਤ ਪ੍ਰਬੰਧ ਕੀਤੇ ਗਏ। ਲੋਕਾਂ ਲਈ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕੀਤਾ ਗਿਆ ਅਤੇ ਲੋਕਾਂ ਦੇ ਮੇਲੇ ਵਿਚ ਆਉਣ-ਜਾਣ ਲਈ ਬੱਸਾਂ ਅਤੇ ਰੇਲ ਗੱਡੀਆਂ ਚਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸਿਵਲ ਡਿਫੈਂਸ ਵੱਲੋਂ ਗੌਤਾਖ਼ੋਰ ਟੀਮਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਮੇਲੇ ਵਾਲੇ ਸਥਾਨ ’ਤੇ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਸ ਮੇਲੇ ਵਿਚ ਲੋਕਾਂ ਵੱਲੋਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਰਣਜੀਤ ਸਿੰਘ, ਡੀ. ਡੀ. ਪੀ. ਓ. ਹਰਜਿੰਦਰ ਸਿੰਘ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ। ਡਿਪਟੀ ਕਮਿਸ਼ਨਰ ਚੰਦਰ ਗੈਂਦ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ। (ਕੁਮਾਰ)