ਹਥਿਆਰਬੰਦ ਵਿਅਕਤੀਆਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 7 ਖਿਲਾਫ ਮੁਕੱਦਮਾ ਦਰਜ
Thursday, Jul 23, 2020 - 10:09 AM (IST)
ਮੋਗਾ (ਆਜ਼ਾਦ) : ਮੋਗਾ ਤੋਂ ਥੋੜ੍ਹੀ ਦੂਰ ਪਿੰਡ ਘੱਲ ਕਲਾਂ ਵਿਖੇ ਰੰਜਿਸ਼ ਕਾਰਨ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਘਰ ਅੱਗੇ ਹਵਾਈ ਫਾਇਰਿੰਗ ਕੀਤੇ ਜਾਣ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਪੁਲਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਵਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਬਿਆਨਾਂ ’ਤੇ ਜਗਸੀਰ ਸਿੰਘ ਉਰਫ ਸੀਰਾ ਵਾਸੀ ਸੈਦੋਕੇ ਹਾਲ ਅਬਾਦ ਲਿਬਨਾਨ, ਜਗਤਾਰ ਸਿੰਘ ਨਿਵਾਸੀ ਖੇਮਕਰਨ, ਤਰਨਤਾਰਨ ਅਤੇ 5 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਨਵਦੀਪ ਸਿੰਘ ਦਾ ਭਰਾ ਅਕਾਸ਼ਦੀਪ ਸਿੰਘ ਕਰੀਬ 6 ਸਾਲ ਤੋਂ ਲਿਬਨਾਨ ਰਹਿੰਦਾ ਹੈ, ਉਸ ਕੋਲ ਜਗਸੀਰ ਸਿੰਘ ਸੀਰਾ ਵੀ ਰਹਿੰਦਾ ਹੈ। ਕੁੱਝ ਸਮਾਂ ਪਹਿਲਾਂ ਉਕਤ ਦੋਹਾਂ ਵਿਚਕਾਰ ਲੜਾਈ-ਝਗੜਾ ਹੋਇਆ ਸੀ। ਜਗਸੀਰ ਸਿੰਘ ਦੇ ਨਾਲ ਦੇ ਸਾਥੀ ਨੂੰ ਤੇਜ਼ਧਾਰ ਕਿਰਚ ਲੱਗ ਗਈ ਸੀ, ਜਿਸ ਕਾਰਨ ਉਹ ਰੰਜਿਸ਼ ਰੱਖਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਇਕ ਕਾਰ 'ਚ 5 ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਉਸ ਦੇ ਘਰ ਜਾ ਕੇ ਉਸ ਦੀ ਭਰਜਾਈ ਜਸਪ੍ਰੀਤ ਕੌਰ ਨੂੰ ਭਰਾ ਅਕਾਸ਼ਦੀਪ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਕੋਲੋਂ ਮੇਰੇ ਪਿਤਾ ਦਾ ਮੋਬਾਇਲ ਫੋਨ ਨੰਬਰ ਲੈ ਕੇ ਉਸ ਨੂੰ ਵੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਬਾਅਦ 'ਚ ਦੋਸ਼ੀਆਂ ਨੇ ਅੰਨ੍ਹੇਵਾਹ ਫਾਇਰਿੰਗ ਵੀ ਕੀਤੀ ਅਤੇ ਫਰਾਰ ਹੋ ਗਏ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਮੋਬਾਇਲ ਨੰਬਰ ਜਿਸ ਤੋਂ ਧਮਕੀਆਂ ਆਈਆਂ, ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਨੰਬਰ ਜਗਤਾਰ ਸਿੰਘ ਦੇ ਨਾਮ ’ਤੇ ਚੱਲਦਾ ਹੈ। ਨਵਦੀਪ ਸਿੰਘ ਨੇ ਸ਼ੱਕ ਪ੍ਰਗਟ ਕੀਤਾ ਕਿ ਉਕਤ ਵਿਅਕਤੀਆਂ ਜਿਨ੍ਹਾਂ ਨੇ ਸਾਡੇ ਘਰ ਅੱਗੇ ਹਵਾਈ ਫਾਇਰਿੰਗ ਕੀਤੀ ਹੈ, ਉਹ ਜਗਸੀਰ ਸਿੰਘ ਸੀਰਾ ਨੇ ਭੇਜੇ ਹਨ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਦਰ ਦੇ ਮੁੱਖ ਅਫ਼ਸਰ ਕਰਮਜੀਤ ਸਿੰਘ ਅਤੇ ਥਾਣੇਦਾਰ ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਜਾਂਚ ਆਰੰਭ ਕੀਤੀ। ਜਾਂਚ ਕਰ ਰਹੇ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੋਲੀਆਂ ਚਲਾਉਣ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਕੈਦ ਹੋ ਗਈ ਹੈ।