ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਮਾਮਲਾ ਦਰਜ

06/28/2020 4:08:27 PM

ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਗੁਰਤੇਜ ਸਿੰਘ ਦੇ ਘਰ 'ਤੇ ਅੰਨੇਵਾਹ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਐਸ. ਪੀ ਗੁਰਦੀਪ ਸਿੰਘ ਮੋਗਾ, ਥਾਣਾ ਸਮਾਲਸਰ ਦੇ ਮੁੱਖ ਅਫਸਰ ਲਛਮਣ ਸਿੰਘ ਢਿੱਲੋਂ, ਥਾਣੇਦਾਰ ਜਗਸੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦਾ ਨਿਰੀਖਣ ਕੀਤਾ ਅਤੇ ਪੁੱਛ-ਗਿੱਛ ਕੀਤੀ।

ਮਿਲੀ ਜਾਣਕਾਰੀ ਦੇ ਅਨੁਸਾਰ ਗੁਰਤੇਜ ਸਿੰਘ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਪਿੰਡ ਰੋਡੇ ਨੇ ਦੱਸਿਆ ਕਿ ਬੀਤੀ ਰਾਤ 1:30 ਵਜੇ ਕਰੀਬ ਉਨ੍ਹਾਂ ਦਾ ਮੇਨ ਗੇਟ ਖੜਕਿਆ, ਜਦੋਂ ਉਨ੍ਹਾਂ ਨੇ ਉੱਠ ਕੇ ਦੇਖਿਆਂ ਤਾਂ ਬਾਹਰ ਕੋਈ ਵਿਅਕਤੀ ਦਿਖਾਈ ਨਹੀਂ ਦਿੱਤਾ, ਜਿਸ ਤੋਂ ਬਾਅਦ ਉਹ ਸੌਂ ਗਏ। ਜਦੋਂ ਤੜਕਸਾਰ ਉਨ੍ਹਾਂ ਦੀ ਨੂੰਹ ਰਮਨਦੀਪ ਕੌਰ ਨੇ ਮੇਨ ਗੇਟ ਦੇਖਿਆ ਤਾਂ ਉਸ 'ਚ ਖਾਲੀ ਕਾਰਤੂਸ ਲੱਗਾ ਹੋਇਆ ਸੀ, ਜਿਸ 'ਤੇ ਉਸ ਨੇ ਘਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ, ਜਦੋਂ ਇਸ ਬਾਰੇ ਜਾਂਚ ਕੀਤੀ ਤਾਂ ਚਾਰ ਚੱਲੇ ਹੋਏ ਰੌਂਦ ਹੋਰ ਪਏ ਸਨ, ਅਤੇ ਇਕ ਕਾਰਤੂਸ ਉਨ੍ਹਾਂ ਦੇ ਘਰ ਅੰਦਰ ਪਏ ਵਾਟਰ ਕੂਲਰ 'ਚ ਵੱਜਿਆ ਹੋਇਆ ਸੀ, ਉਨ੍ਹਾਂ ਪੁਲਸ ਨੂੰ ਦੱਸਿਆ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਸਾਨੂੰ ਨਹੀਂ ਪਤਾ ਕਿ ਉਕਤ ਗੋਲੀਆਂ ਕਿਸੇ ਨੇ ਚਲਾਈਆਂ ਹਨ। ਜਦੋਂ ਇਸ ਸਬੰਧ ਵਿਚ ਐਸ. ਪੀ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਘਟਨਾ ਦੀ ਜਾਣਕਾਰੀ ਮਿਲਣ 'ਤੇ ਅਸੀਂ ਮੌਕੇ ਤੇ ਪੁੱਜੇ ਹਾਂ ਅਤੇ ਜਾਂਚ ਕੀਤੀ ਜਾ ਰਹੀ ਅਤੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਅਸੀਂ ਅਸਲੀਅਤ ਜਾਨਣ ਦਾ ਯਤਨ ਕਰ ਰਹੇ ਹਾਂ, ਅਸੀਂ ਇਸ ਸਬੰਧ ਵਿਚ ਮਾਮਲਾ ਦਰਜ ਕਰ ਰਹੇ ਹਾਂ।
 


Babita

Content Editor

Related News