ਮੋਹਾਲੀ ਦੇ ਬੈਂਕ 'ਚ ਵੱਡੀ ਵਾਰਦਾਤ, ਸੁਰੱਖਿਆ ਗਾਰਡ ਨੇ ਚਲਾਈ ਗੋਲੀ, ਨੌਜਵਾਨ ਦੀ ਮੌਤ

Saturday, Jun 22, 2024 - 10:30 AM (IST)

ਨਵਾਂਗਰਾਓਂ/ਮਾਜਰੀ/ਕੁਰਾਲੀ (ਜੋਸ਼ੀ/ਪਾਬਲਾ/ਬਠਲਾ) : ਪਿੰਡ ਮਾਜਰਾ ਦੀ ਯੂਨੀਅਨ ਬੈਂਕ ਆਫ ਇੰਡੀਆ ਦੀ ਸ਼ਾਖਾ ’ਚ ਪੈਸੇ ਕੱਢਵਾਉਣ ਗਈ ਔਰਤ ਦੀ ਸੁਰੱਖਿਆ ਗਾਰਡ ਨਾਲ ਬਹਿਸ ਹੋ ਗਈ। ਜਦੋਂ ਇਹ ਗੱਲ ਔਰਤ ਦੇ ਪੁੱਤ ਨੂੰ ਪਤਾ ਲੱਗੀ ਤਾਂ ਉਹ ਆਪਣੇ ਦੋ ਦੋਸਤਾਂ ਨਾਲ ਬੈਂਕ ਚਲਾ ਗਿਆ। ਇਸ ਤੋਂ ਬਾਅਦ ਸੁਰੱਖਿਆ ਗਾਰਡ ਤੇ ਉਸ ਵਿਚਕਾਰ ਕੁੱਟਮਾਰ ਸ਼ੁਰੂ ਹੋ ਗਈ। ਮੌਕੇ ’ਤੇ ਲੋਕ ਬਚਾਅ ਕਰਨ ਆਏ ਤਾਂ ਦੋਵੇਂ ਧਿਰਾਂ ਸ਼ਾਂਤ ਹੋ ਗਈਆਂ। ਇਸ ਤੋਂ ਬਾਅਦ ਮੁੜ ਤੋਂ ਹੱਥੋਪਾਈ ਹੋ ਗਈ ਤੇ ਸੁਰੱਖਿਆ ਗਾਰਡ ਨੇ ਬੰਦੂਕ ਤੋਂ ਗੋਲੀ ਚਲਾ ਦਿੱਤੀ, ਜਿਸ ਕਾਰਨ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਮਾਜਰਾ ਵਾਸੀ ਸਤਪਾਲ ਕੌਰ ਬੈਂਕ ’ਚੋਂ ਪੈਸੇ ਕੱਢਵਾਉਣ ਲਈ ਆਈ ਸੀ। ਪੈਨਸ਼ਨ ਦੇ 100 ਰੁਪਏ ਘੱਟ ਨਿਕਲਣ ਕਾਰਨ ਉਸ ਨੇ ਬੈਂਕ ਸਟਾਫ਼ ਨਾਲ ਗੱਲ ਕੀਤੀ ਤਾਂ ਸੁਰੱਖਿਆ ਗਾਰਡ ਨਾਲ ਬਹਿਸ ਹੋ ਗਈ ਸੀ।

ਇਹ ਵੀ ਪੜ੍ਹੋ : ਜਾਅਲੀ ਦਸਤਾਵੇਜ਼ਾਂ ’ਤੇ ਬਣੀਆਂ ਰਜਿਸਟਰੀਆਂ ਨੂੰ ਰਿਕਾਰਡ ਰੂਮ ’ਚ ਚੜ੍ਹਾਉਣ ਵਾਲੇ 2 ਮੁਲਜ਼ਮ ਕਾਬੂ

ਸ਼ੁੱਕਰਵਾਰ 11 ਵਜੇ ਕਾਕੂ ਕਾਰ ’ਚ ਆਪਣੇ ਦੋਸਤਾਂ ਮਨਵੀਰ ਸਿੰਘ ਤੇ ਪੰਮਾ ਵਾਸੀ ਪਿੰਡ ਮਾਣਕਪੁਰ ਸ਼ਰੀਫ਼ ਨਾਲ ਯੂਨੀਅਨ ਬੈਂਕ ਪਹੁੰਚਿਆ। ਡੀ. ਐੱਸ. ਪੀ. ਧਰਮਵੀਰ ਸਿੰਘ ਤੇ ਐਸ. ਐੱਚ. ਓ. ਸਿਮਰਨਜੀਤ ਸਿੰਘ ਅਨੁਸਾਰ ਨੌਜਵਾਨਾਂ ਦੀ ਬੈਂਕ ਕੈਸ਼ੀਅਰ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ’ਚ ਗਾਰਡ ਨੂੰ ਦਖ਼ਲ ਦੇਣਾ ਪਿਆ। ਇਸ ਤੋਂ ਬਾਅਦ ਗਾਰਡ ਨਾਲ ਨੌਜਵਾਨਾਂ ਦੀ ਹੱਥੋਪਾਈ ਹੋ ਗਈ। ਤਿੰਨਾਂ ਨੇ ਸੁਰੱਖਿਆ ਗਾਰਡ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਉਸ ਦੀ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਗਾਰਡ ਨੇ ਖ਼ੁਦ ਨੂੰ ਬਚਾਉਣ ਲਈ ਫਾਇਰਿੰਗ ਕੀਤੀ ਤਾਂ ਗੋਲੀ ਪਿੰਡ ਮਾਜਰੇ ਦੇ ਮਨਵੀਰ ਸਿੰਘ ਮਨੀ ਦੇ ਲੱਗੀ, ਜੋ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪੀ. ਜੀ. ਆਈ. ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਸ ਤੇ ਫਾਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕੀਤੀ। ਫ਼ਿਲਹਾਲ ਪੁਲਸ ਨੇ ਸਤਪਾਲ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਬੈਂਕ ਸੁਰੱਖਿਆ ਗਾਰਡ ਗੁਰਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਸੁਰੱਖਿਆ ਗਾਰਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗਾਰਡ ਨੂੰ ਪੁੱਛਗਿੱਛ ਲਈ ਥਾਣਾ ਮੁੱਲਾਂਪੁਰ ਗ਼ਰੀਬਦਾਸ ਲਿਜਾਇਆ ਗਿਆ। ਉਸ ਕੋਲੋਂ ਲਾਇਸੈਂਸੀ ਰਾਈਫਲ ਵੀ ਬਰਾਮਦ ਕਰ ਲਈ ਹੈ।

ਇਹ ਵੀ ਪੜ੍ਹੋ : ਮੋਹਾਲੀ ਦੇ ਹੋਟਲ 'ਚ ਖ਼ੌਫ਼ਨਾਕ ਵਾਰਦਾਤ, ਤੇਜ਼ਧਾਰ ਹਥਿਆਰ ਨਾਲ ਔਰਤ ਦਾ ਕਤਲ
ਪੀ. ਜੀ. ਆਈ. ’ਚ ਅਟੈਂਡੇਟ ਸੀ ਮਨਵੀਰ, ਨਸ਼ੇ ਕਾਰਨ ਕੱਢਿਆ
ਮ੍ਰਿਤਕ ਮਨਵੀਰ ਦੇ ਦੋਸਤ ਕਾਕੂ ਤੇ ਪੰਮਾ ਹਾਲੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਡੀ. ਐੱਸ. ਪੀ. ਧਰਮਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਦੋਸਤਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਏਰੀਏ ’ਚ ਲੱਗੇ ਕੈਮਰਿਆਂ ਦੀ ਫੁਟੇਜ ਦੇਖ ਰਹੀ ਹੈ। ਲੋਕਾਂ ਅਨੁਸਾਰ ਕਾਰ ’ਚ ਤਿੰਨ ਨੌਜਵਾਨ ਬੈਂਕ ’ਚ ਪੁੱਜੇ ਸਨ, ਜਿੱਥੇ ਉਨ੍ਹਾਂ ਦਾ ਸੁਰੱਖਿਆ ਗਾਰਡ ਨਾਲ ਟਕਰਾਅ ਹੋ ਗਿਆ ਤੇ ਸੁਰੱਖਿਆ ਗਾਰਡ ਨੇ ਗੋਲੀ ਚਲਾ ਦਿੱਤੀ। ਮਨਵੀਰ ਸਿੰਘ ਪੀ. ਜੀ. ਆਈ. ’ਚ ਅਟੈਂਡੈਂਟ ਸੀ। ਇਹ ਨੌਕਰੀ ਉਸ ਨੂੰ ਪਿਤਾ ਦੀ ਮੌਤ ਤੋਂ ਬਾਅਦ ਮਿਲੀ ਸੀ। ਉਸ ਨੇ ਕੁੱਝ ਸਾਲ ਉੱਥੇ ਕੰਮ ਕੀਤਾ, ਜਿਸ ਤੋਂ ਬਾਅਦ ਉਸ ਨੂੰ ਨਸ਼ੇ ਦੀ ਲਤ ਕਾਰਨ ਉੱਥੋਂ ਕੱਢ ਦਿੱਤਾ ਗਿਆ। ਉਸ ’ਤੇ ਮਾਜਰੀ ਥਾਣੇ ’ਚ ਨਸ਼ੇ ਦਾ ਮਾਮਲਾ ਦਰਜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News