ਸਰਪੰਚੀ ਦੀ ਫਾਈਲ ਜਮ੍ਹਾਂ ਕਰਵਾ ਕੇ ਆ ਰਹੇ ਵਿਅਕਤੀ ਨੂੰ ਸੱਟਾਂ ਮਾਰ ਕੇ ਕੀਤੇ ਹਵਾਈ ਫਾਇਰ
Saturday, Oct 12, 2024 - 04:12 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਮਮਦੋਟ ਵਿਖੇ ਸਰਪੰਚੀ ਦੀ ਫਾਈਲ ਜਮ੍ਹਾਂ ਕਰਵਾ ਕੇ ਆ ਰਹੇ ਵਿਅਕਤੀ ਨੂੰ ਸੱਟਾਂ ਮਾਰ ਕੇ ਹਵਾਈ ਫਾਇਰ ਕਰਨ ਦੇ ਦੋਸ਼ ਵਿਚ ਥਾਣਾ ਮਮਦੋਟ ਪੁਲਸ ਨੇ 5 ਬਾਏ ਨੇਮ ਵਿਅਕਤੀਆਂ, 10 ਹੋਰ ਨਾਮਜ਼ਦ ਵਿਅਕਤੀਆਂ ਅਤੇ 10-12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਲਜੀਤ ਸਿੰਘ ਪੁੱਤਰ ਤੇਗਾ ਸਿੰਘ ਵਾਸੀ ਪਿੰਡ ਫੁੱਲਰਵੰਨ ਨੇ ਦੱਸਿਆ ਕਿ ਉਹ ਮਿਤੀ 4 ਅਕਤੂਬਰ, 2024 ਨੂੰ ਆਪਣੀ ਪਤਨੀ ਕੁਲਵਿੰਦਰ ਕੌਰ ਦੀ ਸਰਪੰਚੀ ਦੀ ਫਾਈਲ ਜਮ੍ਹਾਂ ਕਰਵਾ ਕੇ ਮੇਨ ਗੇਟ ਮਾਰਕੀਟ ਕਮੇਟੀ ਦਫ਼ਤਰ ਤੋਂ ਆਪਣੀ ਪਤਨੀ ਨਾਲ ਮੰਡੀ ਫੜ੍ਹ ਵਾਲੀ ਸਾਈਡ ਜਾ ਰਿਹਾ ਸੀ।
ਉੱਥੇ ਦੋਸ਼ੀਅਨ ਇਕਬਾਲ ਸਿੰਘ ਪੁੱਤਰ ਕਸ਼ਮੀਰ ਸਿੰਘ, ਰਜਿੰਦਰ ਸਿੰਘ ਉਰਫ਼ ਗੱਬਰ ਪੁੱਤਰ ਸੁਖਵਿੰਦਰ ਸਿੰਘ, ਗਗਨਦੀਪ ਸਿੰਘ ਪੁੱਤਰ ਹਰਦਿਆਲ ਸਿੰਘ, ਹਰਦਿਆਲ ਸਿੰਘ ਪੁੱਤਰ ਕਸ਼ਮੀਰ ਸਿੰਘ, ਨਰਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ, 22 ਅਣਪਛਾਤੇ ਵਿਅਕਤੀ ਪਹਿਲਾਂ ਹੀ ਹਥਿਆਰਾਂ ਨਾਲ ਲੈੱਸ ਹੋ ਕੇ ਖੜ੍ਹੇ ਸਨ, ਜਿਨ੍ਹਾਂ ਨੇ ਉਸ ਨੂੰ ਧੱਕੇ ਨਾਲ ਚੁੱਕ ਕੇ ਮੰਡੀ ਦੇ ਫੜ੍ਹ ਵਾਲੇ ਪਾਸੇ ਲੈ ਜਾ ਕੇ ਸੱਟਾਂ ਮਾਰੀਆਂ ਤੇ ਹਵਾਈ ਫਾਇਰ ਕੀਤੇ। ਸ਼ਲਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਧੱਕੇ ਨਾਲ ਗੱਡੀ ਵਿਚ ਚੁੱਕ ਕੇ ਪਿੰਡ ਝੋਕ ਨੋਧ ਸਿੰਘ ਵਾਲਾ ਲਿਜਾ ਕੇ ਸੱਟਾਂ ਮਾਰੀਆਂ ਅਤੇ ਧਮਕੀਆਂ ਦਿੱਤੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।