1 ਲੱਖ ਪਿੱਛੇ ਅਗਵਾ ਕੀਤੇ ਵਿਅਕਤੀ ਨੂੰ ਛੁਡਵਾਉਣ ਪਹੁੰਚੀ ਪੁਲਸ ''ਤੇ ਚੱਲੀਆਂ ਗੋਲੀਆਂ
Monday, Oct 17, 2022 - 04:13 AM (IST)
ਫਿਰੋਜ਼ਪੁਰ (ਮਲਹੋਤਰਾ, ਸੰਨੀ) : ਪੈਸਿਆਂ ਦੇ ਲੈਣ-ਦੇਣ ਕਾਰਨ ਇਕ ਵਿਅਕਤੀ ਨੂੰ ਅਗਵਾ ਕਰਨ ਵਾਲੇ ਮੁਲਜ਼ਮਾਂ ਦੀ ਲੋਕੇਸ਼ਨ ਟ੍ਰੇਸ ਕਰਦਿਆਂ ਪੁਲਸ ਜਦ ਉਨ੍ਹਾਂ ਤੱਕ ਪਹੁੰਚੀ ਤਾਂ ਮੁਲਜ਼ਮਾਂ ਨੇ ਪੁਲਸ ’ਤੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਪੂਰੇ ਘਟਨਾਕ੍ਰਮ ਦੌਰਾਨ ਇੰਸਪੈਕਟਰ ਰੁਪਿੰਦਰ ਸਿੰਘ ਨੇ ਬਹਾਦਰੀ ਦਿਖਾਉਂਦਿਆਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਅਗਵਾ ਹੋਏ ਵਿਅਕਤੀ ਨੂੰ ਉਨ੍ਹਾਂ ਦੇ ਚੁੰਗਲ 'ਚੋਂ ਮੁਕਤ ਕਰਵਾਇਆ। ਐਤਵਾਰ ਸਵੇਰੇ ਬਲਵਿੰਦਰ ਸਿੰਘ ਵਾਸੀ ਕੋਠੀ ਰਾਏ ਸਾਹਿਬ ਜਦ ਚੁੰਗੀ ਨੰਬਰ 8 ਦੇ ਕੋਲ ਖੜ੍ਹਾ ਸੀ ਤਾਂ ਕੁਝ ਨੌਜਵਾਨ ਉਸ ਨੂੰ ਧਮਕੀਆਂ ਦਿੰਦੇ ਹੋਏ ਗੱਡੀ ’ਚ ਅਗਵਾ ਕਰ ਕੇ ਲੈ ਗਏ।
ਇਹ ਵੀ ਪੜ੍ਹੋ : ਕੈਨੇਡਾ ਭੇਜਣ ਦੇ ਨਾਂ 'ਤੇ ਕੀਤੀ ਲੱਖਾਂ ਦੀ ਧੋਖਾਦੇਹੀ, 2 ਖ਼ਿਲਾਫ਼ ਮਾਮਲਾ ਦਰਜ
ਘਟਨਾ ਦੀ ਸੂਚਨਾ ਇੰਸਪੈਕਟਰ ਰੁਪਿੰਦਰ ਸਿੰਘ ਨੂੰ ਮਿਲੀ ਤਾਂ ਉਨ੍ਹਾਂ ਡੀ. ਐੱਸ. ਪੀ. ਸੰਦੀਪ ਸਿੰਘ ਨੂੰ ਸੂਚਨਾ ਭੇਜ ਕੇ ਅਗਵਾ ਹੋਏ ਵਿਅਕਤੀ ਦੇ ਫੋਨ ਦੀ ਲੋਕੇਸ਼ਨ ਟ੍ਰੇਸ ਕਰਨਾ ਸ਼ੁਰੂ ਦਿੱਤਾ ਅਤੇ ਕੁਝ ਸਮੇਂ ਬਾਅਦ ਉਹ ਟੀਮ ਸਮੇਤ ਅੱਕੂਵਾਲਾ ਪਹੁੰਚੇ, ਜਿੱਥੇ ਬਲਵਿੰਦਰ ਸਿੰਘ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਪੁਲਸ ਨੇ ਮੁਲਜ਼ਮਾਂ ਦੀ ਘੇਰਾਬੰਦੀ ਕਰਕੇ ਬਾਹਰ ਨਿਕਲਣ ਦੀ ਚਿਤਾਵਨੀ ਦਿੱਤੀ ਤਾਂ ਮੁਲਜ਼ਮਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇੰਸਪੈਕਟਰ ਦੀ ਅਗਵਾਈ ’ਚ ਟੀਮ ਨੇ ਬੜੀ ਸਾਵਧਾਨੀ ਨਾਲ ਮੁਲਜ਼ਮਾਂ ਨੂੰ ਫੜ ਲਿਆ ਤੇ ਅਗਵਾ ਹੋਏ ਬਲਵਿੰਦਰ ਸਿੰਘ ਨੂੰ ਮੁਕਤ ਕਰਵਾਇਆ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ 'ਤੇ ਭੜਕਿਆ ਈਸਾਈ ਭਾਈਚਾਰਾ, ਰੱਜ ਕੇ ਭੜਾਸ ਕੱਢਦਿਆਂ ਕਹੀ ਇਹ ਗੱਲ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀ ਤੇ ਆਸ-ਪਾਸ ਦੇ ਥਾਣਿਆਂ ਦੇ ਮੁਖੀ ਟੀਮਾਂ ਸਮੇਤ ਉਥੇ ਪਹੁੰਚ ਗਏ। ਬਲਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਮੁਲਜ਼ਮਾਂ ਦੇ ਇਕ ਲੱਖ ਰੁਪਏ ਦੇਣੇ ਹਨ, ਜਿਸ ਕਾਰਨ ਦੋਸ਼ੀ ਅਕਸਰ ਉਸ ਨੂੰ ਡਰਾਉਂਦੇ-ਧਮਕਾਉਂਦੇ ਰਹਿੰਦੇ ਸਨ। ਅੱਜ ਉਹ ਉਸ ਨੂੰ ਪਿੰਡ ਅੱਕੂਵਾਲਾ ’ਚ ਲੈ ਗਏ, ਜਿੱਥੇ ਉਸ ਨੂੰ ਪਸ਼ੂਆਂ ਦੇ ਤੂੜੀ ਵਾਲੇ ਕਮਰੇ ਵਿਚ ਬੰਦੀ ਬਣਾਇਆ ਹੋਇਆ ਸੀ। ਪੁਲਸ ਨੇ ਆ ਕੇ ਉਸ ਨੂੰ ਛੁਡਵਾਇਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।