ਮਰੀਜ਼ ਬਣ ਕੇ ਆਏ ਨੌਜਵਾਨਾਂ ਨੇ ਡਾਕਟਰ 'ਤੇ ਕੀਤਾ ਕਾਤਲਾਨਾ ਹਮਲਾ, ਪੱਟ 'ਚ ਮਾਰੀ ਗੋਲੀ
Sunday, Jan 15, 2023 - 10:14 AM (IST)
ਤਲਵੰਡੀ ਸਾਬੋ (ਮੁਨੀਸ਼)- ਪੰਜਾਬ ਵਿਚ ਆਏ ਦਿਨ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ। ਭਾਵੇਂ ਹੀ ਪੰਜਾਬ 'ਚ ਗੰਨ ਕਲਚਰ 'ਤੇ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤਾਜ਼ਾ ਮਾਮਲਾ ਬਠਿੰਡਾ ਦੇ ਤਲਵੰਡੀ ਸਾਬੋ ਦਾ ਹੈ। ਇਤਿਹਾਸਕ ਨਗਰ ਤਲਵੰਡੀ ਸਾਬੋ ’ਚ ਦੇਰ ਸ਼ਾਮ ਉਦੋਂ ਸਨਸਨੀ ਫੈਲ ਗਈ, ਜਦੋਂ ਨਗਰ ਦੇ ਨਾਮੀ ਡਾਕਟਰ ਦਿਨੇਸ਼ ਬਾਂਸਲ ’ਤੇ ਮਰੀਜ਼ ਬਣ ਕੇ ਆਏ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਨਰਸਿੰਗ ਹੋਮ ’ਚ ਕਾਤਲਾਨਾ ਹਮਲਾ ਕਰਦਿਆਂ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ- ਪਾਕਿਸਤਾਨ ਦੀ 'ਨਾਪਾਕ' ਹਰਕਤ; ਫਿਰ ਦਿੱਸਿਆ ਡਰੋਨ, BSF ਨੇ ਕੀਤੀ ਫਾਇਰਿੰਗ
ਦਰਅਸਲ ਇਹ ਘਟਨਾ ਦੇਰ ਸ਼ਾਮ ਤਲਵੰਡੀ ਸਾਬੋ ਦੇ ਮੁੱਖ ਹਸਪਤਾਲ ਰਾਜ ਨਰਸਿੰਗ ਹੋਮ 'ਚ ਵਾਪਰੀ। ਡਾਕਟਰ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ, ਜਿਸ ਵਿਚ ਰਾਜ ਨਰਸਿੰਗ ਦੇ ਡਾਕਟਰ ਦਿਨੇਸ਼ ਬਾਂਸਲ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਏ। ਇਹ ਘਟਨਾ ਰਾਤ 8 ਵਜੇ ਦੇ ਕਰੀਬ ਦੀ ਵਾਪਰੀ ਦੱਸੀ ਜਾ ਰਹੀ ਹੈ। ਸੂਤਰਾਂ ਦੇ ਦੱਸਣ ਮੁਤਾਬਕ ਰਾਜ ਨਰਸਿੰਗ ਹੋਮ 'ਤੇ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ ਜਿਨ੍ਹਾਂ ਨੇ ਤਾਬੜਤੋੜ ਗੋਲ਼ੀਆਂ ਡਾਕਟਰ 'ਤੇ ਚਲਾ ਦਿੱਤੀਆਂ, ਜਿਸ ਦੌਰਾਨ ਉਨ੍ਹਾਂ ਦੇ ਪੱਟ ਵਿਚ ਗੋਲ਼ੀ ਲੱਗੀ ਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਅਜੇ ਛਿੜੇਗਾ ਕਾਂਬਾ; ਪੰਜਾਬ ਸਮੇਤ ਉੱਤਰੀ ਸੂਬਿਆਂ ’ਚ ਮੁੜ ਆਵੇਗੀ ਸੀਤ ਲਹਿਰ
ਡਾਕਟਰ ਦਿਨੇਸ਼ ਬਾਂਸਲ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੈਕਸ ਹਸਪਤਾਲ ਬਠਿੰਡਾ ਵਿਚ ਰੈਫਰ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋ ਵਿਅਕਤੀ ਹਸਪਤਾਲ ਵਿਚ ਮਰੀਜ਼ ਬਣ ਕੇ ਆਏ ਅਤੇ ਡਾਕਟਰ ਨਾਲ ਹੱਥੋਪਾਈ ਤੋਂ ਬਾਅਦ ਗੋਲੀ ਚਲਾ ਦਿੱਤੀ। ਜਿਸ ਕਾਰਨ ਡਾਕਟਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਗੁਰਦੀਪ ਸਿੰਘ ਅਤੇ ਡੀ. ਐੱਸ. ਪੀ. ਬੂਟਾ ਸਿੰਘ ਗਿੱਲ ਪੁਲਸ ਪਾਰਟੀ ਸਮੇਤ ਪੁੱਜ ਗਏ ਅਤੇ ਮੁੱਢਲੀ ਜਾਂਚ ਆਰੰਭ ਦਿੱਤੀ ਹੈ। ਘਟਨਾ ਤੋਂ ਬਾਅਦ ਨਗਰ ’ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਪੁਲਸ ਨੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- 26 ਜਨਵਰੀ ਤੋਂ ਪਹਿਲਾਂ ਦਿੱਲੀ ਨੂੰ ਦਹਿਲਾਉਣ ਦੀ ਸੀ ਤਿਆਰੀ! ਹੈਂਡ ਗ੍ਰੇਨੇਡ ਤੇ ਹੁਣ ਤਿੰਨ ਟੁਕੜਿਆਂ 'ਚ ਮਿਲੀ ਲਾਸ਼