ਰਸਤਾ ਖੋਲ੍ਹਣ ਦੇ ਮਾਮਲੇ ’ਚ ਚੱਲੀਆਂ ਗੋਲ਼ੀਆਂ

Monday, Sep 18, 2023 - 06:19 PM (IST)

ਰਸਤਾ ਖੋਲ੍ਹਣ ਦੇ ਮਾਮਲੇ ’ਚ ਚੱਲੀਆਂ ਗੋਲ਼ੀਆਂ

ਸਮਾਣਾ (ਦਰਦ) : ਸਮਾਣਾ-ਪਾਤੜਾਂ ਸੜਕ ’ਤੇ ਸਥਿਤ ਅਗਰਵਾਲ ਕਾਲੋਨੀ ’ਚੋਂ ਨਾਲ ਲੱਗਦੀ ਜ਼ਮੀਨ ਲਈ ਰਸਤਾ ਖੋਲ੍ਹਣ ਦੇ ਇਕ ਮਾਮਲੇ ’ਚ ਬੀਤੀ ਰਾਤ ਹੋਏ ਝਗੜੇ ’ਚ ਸਿਟੀ ਪੁਲਸ ਸਮਾਣਾ ਨੇ 7 ਲੋਕਾਂ ਅਤੇ ਇਕ ਔਰਤ ਸਣੇ 4 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸਿਟੀ ਪੁਲਸ ਨੇ ਗੁਣਤਾਸਪਾਲ ਸਿੰਘ ਵਾਸੀ ਮਲਕਾਣਾ ਪੱਤੀ ਸਮਾਣਾ ਦੀ ਸ਼ਿਕਾਇਤ ’ਤੇ ਸਰਬਜੀਤ ਕੌਰ, ਗੁਰਲਾਲ ਸਿੰਘ, ਗੁਰਮੀਤ ਸਿੰਘ, ਸਰਬਜੀਤ ਸਿੰਘ, ਹਰਬੰਸ ਸਿੰਘ, ਦਵਿੰਦਰ ਸਿੰਘ, ਜੋਗਾ ਸਿੰਘ ਵਾਸੀਆਨ ਅਗਰਵਾਲ ਕਾਲੋਨੀ ਸਮਾਣਾ, ਇਕ ਔਰਤ ਸਣੇ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਅਧਿਕਾਰੀ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਗੁਣਤਾਸਪਾਲ ਸਿੰਘ ਨੇ ਆਪਣੇ ਬਿਆਨ ’ਚ ਕਿਹਾ ਕਿ ਬੀਤੀ ਦਿਨ ਸ਼ਾਮ 6 ਵਜੇ ਉਹ ਆਪਣੇ ਦੋਸਤਾਂ ਭਗਵੰਤ ਪਾਲ ਵਾਸੀ ਮਿਆਲ ਕਲਾਂ, ਜ਼ੋਰਾਵਰ ਸਿੰਘ ਵਾਸੀ ਪਟਿਆਲਾ, ਦਵਿੰਦਰ ਸਿੰਘ ਵਾਸੀ ਸੈਫ਼ਦੀਪੁਰ, ਕੁਲਦੀਪ ਸਿੰਘ ਵਾਸੀ ਵੜੈਚਾਂ ਪੱਤੀ ਸਮਾਣਾ ਨਾਲ ਅਗਰਵਾਲ ਕਾਲੋਨੀ ’ਚ ਉਸ ਦੀ ਜ਼ਮੀਨ ਨੂੰ ਲੱਗਦੇ ਰਸਤੇ ਨੂੰ ਗੇਟ ਲਗਾਉਣ ਲਈ ਸਲਾਹ-ਮਸ਼ਵਰਾ ਕਰ ਰਹੇ ਸਨ। ਇਸੇ ਦੌਰਾਨ ਸਰਬਜੀਤ ਕੌਰ ’ਤੇ ਇਕ ਹੋਰ ਅਣਪਛਾਤੀ ਔਰਤ ਮੌਕੇ ’ਤੇ ਆ ਕੇ ਉਨ੍ਹਾਂ ਨਾਲ ਬਹਿਸਬਾਜ਼ੀ ਕਰਨ ਲੱਗ ਪਈਆਂ। ਫਿਰ ਇਨ੍ਹਾਂ ਔਰਤਾਂ ਨੇ ਫੋਨ ਕਰ ਕੇ ਗੁਰਲਾਲ ਸਿੰਘ ਅਤੇ ਇਕ ਹੋਰ ਅਣਪਛਾਤੇ ਲਡ਼ਕੇ ਨੂੰ ਮੌਕੇ ’ਤੇ ਬੁਲਾ ਲਿਆ।

ਗੁਰਮੀਤ ਸਿੰਘ ’ਤੇ 2 ਹੋਰ ਅਣਪਛਾਤੇ ਵਿਅਕਤੀ ਮੌਕੇ ’ਤੇ ਆ ਕੇ ਉਨ੍ਹਾਂ ਨਾਲ ਬਹਿਸਬਾਜ਼ੀ ਕਰਨ ਲੱਗ ਪਏ ਅਤੇ ਧਮਕੀਆਂ ਦੇ ਕੇ ਮੌਕੇ ਤੋਂ ਚਲੇ ਗਏ। ਕੁਝ ਸਮੇਂ ਬਾਅਦ ਕਥਿਤ ਦੋਸ਼ੀ ਗੁਰਲਾਲ ਸਿੰਘ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਨੇ ਆਪਣੇ ਘਰ ਦੀ ਛੱਤ ’ਤੇ ਚੜ੍ਹ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਉਨ੍ਹਾਂ ’ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਕ ਫਾਇਰ ਗੁਣਤਾਸਪਾਲ ਦੇ ਸਿਰ ਦੇ ਖੱਬੇ ਪਾਸੇ ਲੱਗਾ ਅਤੇ ਇਕ ਫਾਇਰ ਭਗਵੰਤ ਪਾਲ ਸਿੰਘ ਦੀ ਸੱਜੀ ਅੱਖ ਕੋਲ ਲੱਗਾ। ਦੋਵੇਂ ਜਖ਼ਮੀ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਹਨ। ਪੁਲਸ ਨੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News