ਵੇਸਟ ਕਾਟਨ ਫੈਕਟਰੀ ’ਚ ਅੱਗ ਕਾਰਨ ਲੱਖਾਂ ਦਾ ਨੁਕਸਾਨ, ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਪਾਇਆ ਕਾਬੂ
Monday, Jun 01, 2026 - 01:15 PM (IST)
ਸਮਾਣਾ (ਦਰਦ, ਅਸ਼ੋਕ): ਸਮਾਣਾ-ਪਟਿਆਲਾ ਰੋਡ 'ਤੇ ਸਥਿਤ ਇਕ ਵੇਸਟ ਕਾਟਨ ਫੈਕਟਰੀ ’ਚ ਅਚਾਨਕ ਅੱਗ ਲੱਗਣ ਕਾਰਨ ਮਾਲ, ਮਸ਼ੀਨਰੀ ਅਤੇ ਇਮਾਰਤ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਦੋ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਫੈਕਟਰੀ ਦੇ ਡਾਇਰੈਕਟਰ ਆਰੀਅਨ ਨੇ ਦੱਸਿਆ ਕਿ ਐਤਵਾਰ ਸਵੇਰੇ 9 ਵਜੇ ਫੈਕਟਰੀ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਜਦੋਂ ਉਹ ਤੁਰੰਤ ਮੌਕੇ ’ਤੇ ਪਹੁੰਚੇ, ਤਾਂ ਮਸ਼ੀਨਰੀ ਰੂਮ ਅਤੇ ਗੋਦਾਮ ਵਿਚ ਭਿਆਨਕ ਅੱਗ ਲੱਗੀ ਹੋਈ ਸੀ। ਉਨ੍ਹਾਂ ਨੇ ਉੱਥੇ ਮੌਜੂਦ ਮਜ਼ਦੂਰਾਂ ਨਾਲ ਮਿਲ ਕੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਵਧਦੀ ਗਈ। ਇਸ ਦੌਰਾਨ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਕੁੱਲ ਪੰਜ ਗੱਡੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕੀਤਾ। ਪਰ ਜਦੋਂ ਤੱਕ ਅੱਗ ਨੂੰ ਪੂਰੀ ਤਰ੍ਹਾਂ ਸ਼ਾਂਤ ਕੀਤਾ ਗਿਆ, ਉਦੋਂ ਤੱਕ ਗੋਦਾਮ ਵਿਚ ਪਿਆ ਕੀਮਤੀ ਮਾਲ ਅਤੇ ਮਸ਼ੀਨਰੀ ਸੜ ਕੇ ਸਵਾਹ ਹੋ ਚੁੱਕੀ ਸੀ।
ਫੈਕਟਰੀ ਪ੍ਰਬੰਧਕਾਂ ਮੁਤਾਬਕ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ਅਤੇ ਇਸ ਹਾਦਸੇ ’ਚ ਲਗਭਗ 25 ਲੱਖ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ।
