ਸੜਕ ’ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਪਰਿਵਾਰ

Saturday, Jul 20, 2024 - 01:32 PM (IST)

ਸੜਕ ’ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਪਰਿਵਾਰ

ਤਲਵੰਡੀ ਸਾਬੋ (ਮੁਨੀਸ਼) : ਸਥਾਨਕ ਨਗਰ ਦੇ ਬਠਿੰਡਾ-ਤਲਵੰਡੀ ਸਾਬੋ ਹਾਈਵੇ ’ਤੇ ਗੁਰਦੁਆਰਾ ਮਹੱਲਸਰ ਸਾਹਿਬ ਕੋਲ ਸੜਕ ’ਤੇ ਆ ਰਹੀ ਇਕ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਪੂਰੀ ਗੱਡੀ ਨੂੰ ਆਪਣੀ ਲਪੇਟ 'ਚ ਲੈ ਲਿਆ। ਤਸੱਲੀ ਵਾਲੀ ਗੱਲ ਇਹ ਰਹੀ ਕਿ ਗੱਡੀ 'ਚ ਬੈਠੇ ਪਰਿਵਾਰ ਦਾ ਸਮਾਂ ਰਹਿੰਦਿਆਂ ਬਾਹਰ ਆਉਣ ਕਰ ਕੇ ਵਾਲ-ਵਾਲ ਬਚ ਗਿਆ, ਜਦੋਂਕਿ ਗੱਡੀ ਸੜ ਕੇ ਸੁਆਹ ਬਣ ਗਈ।

ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸ੍ਰੀ ਗੰਗਾਨਗਰ (ਰਾਜਸਥਾਨ) ਆਪਣੀ ਕਾਰ ’ਤੇ ਆਪਣੇ ਤਿੰਨ ਹੋਰ ਪਰਿਵਾਰਕ ਮੈਂਬਰਾਂ ਨਾਲ ਸਵਾਰ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਆ ਰਿਹਾ ਸੀ। ਤਖ਼ਤ ਸਾਹਿਬ ਤੋਂ ਕਰੀਬ 4 ਕਿਲੋਮੀਟਰ ਪਿੱਛੇ ਬਠਿੰਡਾ-ਤਲਵੰਡੀ ਸਾਬੋ ਸੜਕ 'ਤੇ ਚਲਦੀ ਗੱਡੀ ਨੂੰ ਅੱਗ ਲੱਗ ਗਈ। ਅੱਗ ਲੱਗਦਿਆਂ ਹੀ ਗੱਡੀ ’ਚ ਸਵਾਰ ਚਾਰੇ ਮੈਂਬਰ ਲੋਕਾਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਨਿਕਲਣ ’ਚ ਸਫ਼ਲ ਰਹੇ।

ਆਲੇ-ਦੁਆਲੇ ਦੇ ਘਰਾਂ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ ਕੀਤੀ ਪਰ ਦੇਖਦਿਆਂ ਹੀ ਦੇਖਦਿਆਂ ਅੱਗ ਨੇ ਪੂਰੀ ਗੱਡੀ ਨੂੰ ਆਪਣੀ ਲਪੇਟ ’ਚ ਲੈ ਲਿਆ। ਜਦੋਂ ਤਕ ਸਥਾਨਕ ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਅੱਗ ’ਤੇ ਕਾਬੂ , ਉਦੋਂ ਤੱਕ ਕਾਰ ਸੜ ਕੇ ਸੁਆਹ ਹੋ ਗਈ ਸੀ। ਕਾਰ ਸਵਾਰਾਂ ਮੁਤਾਬਕ ਅੱਗ ਲੱਗਣ ਦਾ ਕਾਰਣ ਇੰਜਣ ’ਚੋਂ ਕਿਸੇ ਸ਼ਾਰਟ ਸਰਕਟ ਦਾ ਹੋਣਾ ਹੋ ਸਕਦਾ ਹੈ।
 


author

Babita

Content Editor

Related News