ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜਾਂ ਨੇ ਘੇਰ ਲਈ ਇਮਾਰਤ, ਜਾਨ ਬਚਾਉਣ ਲਈ ਨੌਜਵਾਨ ਨੇ ਮਾਰ ਦਿੱਤੀ ਛਾਲ (ਤਸਵੀਰਾਂ)

Thursday, May 18, 2023 - 12:17 PM (IST)

ਲੁਧਿਆਣਾ (ਖੁਰਾਣਾ) : ਬਸਤੀ ਜੋਧੇਵਾਲ ਅਧੀਨ ਪੈਂਦੇ ਕੈਲਾਸ਼ ਨਗਰ ਇਲਾਕੇ ’ਚ ਕਿਰਾਏ ਦੇ ਮਕਾਨ ’ਚ ਘਰੇਲੂ ਗੈਸ ਸਿਲੰਡਰ ਲੀਕ ਹੋਣ ਕਾਰਨ 3 ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜਾਂ ਨੇ ਪੂਰੀ ਇਮਾਰਤ ਨੂੰ ਘੇਰ ਲਿਆ ਅਤੇ ਕਿਰਾਏਦਾਰਾਂ ਦੇ ਕਮਰੇ ’ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਅੱਗ ’ਤੇ ਕਾਬੂ ਪਾਉਣ ਦਾ ਯਤਨ ਕਰ ਰਿਹਾ ਇਕ ਨੌਜਵਾਨ ਮਾਮੂਲੀ ਤੌਰ ’ਤੇ ਝੁਲਸ ਕੇ ਜ਼ਖਮੀ ਹੋ ਗਿਆ, ਜਿਸ ਨੇ ਇਮਾਰਤ ਤੋਂ ਛਾਲ ਮਾਰ ਕੇ ਜਾਨ ਬਚਾਈ। ਜਾਣਕਾਰੀ ਦਿੰਦੇ ਹੋਏ ਮਹਿਲਾ ਕਿਰਾਏਦਾਰ ਆਰਤੀ ਨੇ ਦੱਸਿਆ ਕਿ ਗੈਸ ਸਿਲੰਡਰ ਲੀਕ ਹੋਣ ਕਾਰਨ ਉਨ੍ਹਾਂ ਦੇ ਮਕਾਨ ’ਚ ਅੱਗ ਲੱਗੀ। ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ’ਚ ਲੈ ਲਿਆ। ਆਰਤੀ ਦੇ ਮੁਤਾਬਕ ਜਿਸ ਸਮੇਂ ਮਕਾਨ ਨੂੰ ਅੱਗ ਲੱਗੀ, ਉਸ ਸਮੇਂ ਘਰ ’ਚ ਸਿਰਫ ਔਰਤਾਂ ਹੀ ਸਨ, ਜੋ ਡਰ ਦੇ ਮਾਰੇ ਬਾਹਰ ਗਲੀ ’ਚ ਭੱਜ ਗਈਆਂ।

PunjabKesari

ਇਹ ਵੀ ਪੜ੍ਹੋ : ਜਦੋਂ ਛੱਤਾਂ 'ਤੇ ਖੜਾਕਾ ਸੁਣ ਅੱਧੀ ਰਾਤ ਨੂੰ ਘਰਾਂ ਤੋਂ ਬਾਹਰ ਭੱਜੇ ਲੋਕ...

ਇਸ ਦੌਰਾਨ ’ਚ ਬਚਾਅ ਲਈ ਪੁੱਜੇ ਇਕ ਨੌਜਵਾਨ ਨੇ ਕਿਰਾਏਦਾਰਾਂ ਦੇ ਮਕਾਨ ’ਚ ਪਏ ਸਮਾਨ ਨੂੰ ਬਚਾਉਣ ਦਾ ਯਤਨ ਕੀਤਾ ਪਰ ਇਸ ਦੌਰਾਨ ਅੱਗ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਮਾਮੂਲੀ ਤੌਰ ’ਤੇ ਝੁਲਸ ਗਿਆ, ਜਿਸ ਨੇ ਆਪਣੇ ਆਪ ਨੂੰ ਸੁਰੱਖਿਅਤ ਬਚਾਉਣ ਲਈ ਇਮਾਰਤ ਤੋਂ ਛਾਲ ਮਾਰ ਕੇ ਜਾਨ ਬਚਾਈ। ਉਸ ਨੂੰ ਇਲਾਕਾ ਨਿਵਾਸੀਆਂ ਨੇ ਜ਼ਖਮੀ ਹਾਲਤ ਕਾਰਨ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੇ ਪਾਣੀ ਦੀਆਂ ਤੇਜ਼ ਵਾਛੜਾਂ ਕਰ ਕੇ ਅੱਗ ਦੀਆਂ ਭਿਆਨਕ ਲਪਟਾਂ ’ਤੇ ਕਾਬੂ ਪਾਇਆ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਇਮਾਰਤ ’ਚ ਪਏ ਕਰੀਬ ਅੱਧਾ ਦਰਜਨ ਹੋਰ ਗੈਸ ਸਿਲੰਡਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਜੇਕਰ ਸਮੇਂ ਸਿਰ ਫਾਇਰ ਵਿਭਾਗ ਦੇ ਮੁਲਾਜ਼ਮ ਅਤੇ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਵਲੋਂ ਮੋਰਚਾ ਨਾ ਸੰਭਾਲਿਆ ਹੁੰਦਾ ਤਾਂ ਇਲਾਕੇ ’ਚ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ। ਇਲਾਕਾ ਨਿਵਾਸੀਆਂ ਨੇ ਦੋਸ਼ ਲਾਇਆ ਕਿ ਮਕਾਨ ਮਾਲਕ ਵਲੋਂ ਕਮਰੇ ਕਿਰਾਏ ’ਤੇ ਚੜ੍ਹਾਉਣ ਲਈ ਕਮਰਿਆਂ ਦੀ ਇੱਟਾਂ ਦੀ ਜਗ੍ਹਾ ਲੱਕੜ ਨਾਲ ਪਾਰਟੀਸ਼ਨ ਕੀਤੀ ਗਈ ਹੈ, ਤਾਂ ਕਿ ਵੱਧ ਤੋਂ ਵੱਧ ਕਿਰਾਏਦਾਰ ਬਿਠਾ ਕੇ ਕਿਰਾਇਆ ਵਸੂਲਿਆ ਜਾ ਸਕੇ।

ਇਹ ਵੀ ਪੜ੍ਹੋ : ਜਿਸਮ ਦੀ ਭੁੱਖ 'ਚ ਪਿਓ ਟੱਪ ਗਿਆ ਸਭ ਹੱਦਾਂ-ਬੰਨੇ, ਸ਼ਰਮ ਤੇ ਖ਼ੌਫ਼ ਕਾਰਨ ਮੂੰਹ ਨਾ ਖੋਲ੍ਹ ਸਕੀ 16 ਸਾਲਾਂ ਦੀ ਧੀ

PunjabKesari

ਲੱਕੜ ਦੀ ਪਾਰਟੀਸ਼ਨ ਹੋਣ ਕਾਰਨ ਅੱਗ ਦੀਆਂ ਲਪਟਾਂ ਨੇ ਭਿਆਨਕ ਰੂਪ ਧਾਰ ਲਿਆ ਪਰ ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਇਸ ਦੌਰਾਨ ਮੌਕੇ ’ਤੇ ਪੁੱਜੇ ਥਾਣਾ ਬਸਤੀ ਜੋਧੇਵਾਲ ਦੇ ਐੱਸ. ਐੱਚ. ਓ. ਇੰਸਪੈਕਟਰ ਜੀ. ਐੱਸ. ਦਿਓਲ ਨੇ ਸੂਝ-ਬੂਝ ਦਾ ਸਬੂਤ ਦਿੰਦੇ ਹੋਏ ਆਸ-ਪਾਸ ਦੀਆਂ ਇਮਾਰਤਾਂ ਨੂੰ ਖ਼ਾਲੀ ਕਰਵਾ ਲਿਆ। ਘਟਨਾ ਸਥਾਨ ਤੋਂ ਕੱਢੇ ਗਏ ਸਾਰੇ ਗੈਸ ਸਿਲੰਡਰਾਂ ਨੂੰ ਸੁਰੱਖਿਅਤ ਜਗ੍ਹਾ ਪਹੁੰਚਾਉਣ ’ਚ ਵੱਡੀ ਪਹਿਲ ਕਦਮੀ ਕੀਤੀ ਗਈ ਤਾਂ ਕਿ ਇਲਾਕਾ ਨਿਵਾਸੀਆਂ ਨੂੰ ਸੁਰੱਖਿਅਤ ਬਚਾਇਆ ਜਾ ਸਕੇ। ਐੱਸ. ਐੱਚ. ਓ. ਇੰਸਪੈਕਟਰ ਦਿਓਲ ਨੇ ਦੱਸਿਆ ਕਿ ਹਾਲ ਦੀ ਘੜੀ ਮਾਮਲਾ ਸ਼ੱਕੀ ਲੱਗ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੁਲਸ ਵਲੋਂ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਇਲਾਕਾ ਨਿਵਾਸੀਆਂ ਅਤੇ ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News