ਗੱਤਾ ਫੈਕਟਰੀ ’ਚ ਲੱਗੀ ਅੱਗ
Wednesday, Jun 27, 2018 - 08:08 AM (IST)
ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) – ਆਦਮਪਾਲ ਰੋਡ ’ਤੇ ਗਾਂਧੀ ਨਗਰ ਵਿਖੇ ਸਥਿਤ ਮੁਸਲਿਮ ਪ੍ਰਿੰਟਿੰਗ ਪ੍ਰੈੱਸ ਨਾਂ ਦੀ ਗੱਤੇ ਦੇ ਡੱਬੇ ਵਾਲੀ ਫੈਕਟਰੀ ਨੂੰ ਦੇਰ ਰਾਤ ਅੱਗ ਲੱਗਣ ਕਾਰਨ ਕਰੀਬ ਲੱਖਾਂ ਰੁਪਏ ਦਾ ਸਾਜੋ-ਸਾਮਾਨ ਸਡ਼ ਕੇ ਸੁਆਹ ਹੋ ਗਿਆ। ਤਹਿਸੀਲਦਾਰ ਸਿਰਾਜ ਅਹਿਮਦ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਫਾਇਰ ਬ੍ਰਿਗੇਡ ਦਾ ਅਮਲਾ ਰਾਤ ਭਰ ਅੱਗ ’ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰਦਾ ਰਿਹਾ। ਫੈਕਟਰੀ ਦੇ ਮਾਲਕ ਮੁਹੰਮਦ ਅਮਜ਼ਦ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਫੈਕਟਰੀ ਨੂੰ ਬੰਦ ਕਰ ਕੇ ਚਲੇ ਗਏ ਸਨ। ਰਾਤ ਕਰੀਬ 11.30 ਵਜੇ ਉਨ੍ਹਾਂ ਨੂੰ ਕਿਸੇ ਨੇ ਫੋਨ ’ਤੇ ਫੈਕਟਰੀ ’ਚੋਂ ਧੂੰਆਂ ਨਿਕਲਣ ਬਾਰੇ ਦੱਸਿਆ। ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ। ਰਾਤ ਭਰ ਵੱਖ-ਵੱਖ ਥਾਵਾਂ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਅਮਲੇ ਅੱਗ ਬੁਝਾਉਣ ’ਚ ਲੱਗੇ ਰਹੇ ਪਰ ਸਵੇਰ ਤੱਕ ਬਡ਼ੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ ਗਿਅਾ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੈ, ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਸਾਜੋ-ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।
ਨੇੜਲੇ ਮਕਾਨਾਂ ਨੂੰ ਵੀ ਪੁੱਜਿਆ ਨੁਕਸਾਨ
ਇਸ ਅੱਗ ਕਾਰਨ ਨਾਲ ਲੱਗਦੇ ਮਕਾਨ ਨੂੰ ਵੀ ਨੁਕਸਾਨ ਪੁੱਜਾ ਹੈ। ਇਸੇ ਤਰ੍ਹਾਂ ਥਾਪਰ ਸਾਈਕਲ ਇੰਡਸਟਰੀ ਦੇ ਮਾਲਕ ਅਮਨ ਥਾਪਰ ਨੇ ਦੱਸਿਆ ਕਿ ਉਸ ਦਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ 8 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਟਰਾਂਸਫਾਰਮਰ ਦੇ ਖਰਾਬ ਹੋਣ ਸਬੰਧੀ ਉਹ ਕਈ ਵਾਰ ਸ਼ਿਕਾਇਤ ਵੀ ਕਰ ਚੁੱਕੇ ਹਨ। ਐੱਸ. ਡੀ. ਓ. ਅਬਦੁਲ ਸੱਤਾਰ ਨੇ ਦੱਸਿਆ ਕਿ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਨਹੀਂ ਹੈ।
