ਇਕ ਚੰਗਿਆੜੀ ਨਾਲ ਲੱਗੀ ਭਿਆਨਕ ਅੱਗ, 4 ਪਿੰਡਾਂ ਦੀ ਫਸਲ ਸੜ ਕੇ ਸੁਆਹ

Tuesday, Apr 30, 2019 - 10:12 AM (IST)

ਖਰੜ (ਰਣਬੀਰ) : ਬੀਤੀ ਦੁਪਹਿਰ ਇੱਥੋਂ ਦੇ ਨੇੜਲੇ ਪਿੰਡ ਘੜੂੰਆਂ 'ਚ ਬਿਜਲੀ ਵਿਭਾਗ ਦੇ ਗਰਿੱਡ ਨਾਲ ਹੋਈ ਸਪਾਰਕਿੰਗ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 4 ਪਿੰਡਾਂ ਦੇ ਕਿਸਾਨਾਂ ਦੀ 200 ਏਕੜ ਤੋਂ ਜ਼ਿਆਦਾ ਦੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਸਮੇਤ ਕਈ ਪਿੰਡਾਂ ਦੇ ਲੋਕ ਇਕੱਠੇ ਹੋਏ।  ਟਰੈਕਟਰ-ਟਰਾਲੀਆਂ ਨਾਲ ਕਰੀਬ 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਲਕੀਤ ਸਿੰਘ ਥੇੜੀ ਅਤੇ ਸਰਦਾਰਾ ਸਿੰਘ ਨੇ ਦੱਸਿਆ ਕਿ ਬੀਤੇ ਦੁਪਹਿਰ 12 ਵਜੇ ਤੋਂ ਬਾਅਦ ਅਚਾਨਕ ਹੀ ਪਿੰਡ ਮਾਛੀਪੁਰ ਥੇੜੀ ਤੋਂ ਘੜੂੰਆਂ ਜਾਂਦੀ ਸੜਕ 'ਤੇ ਬਣੇ ਬਿਜਲੀ ਵਿਭਾਗ ਦੇ ਗਰਿੱਡ 'ਚੋਂ ਚੰਗਿਆੜੀਆਂ ਨਿਕਲਣ ਕਾਰਨ ਨਾਲ ਲੱਗਦੇ ਖੇਤ 'ਚ ਧੂੰਆਂ ਉੱਠਦਾ ਦਿਖਾਈ ਦਿੱਤਾ।

PunjabKesari

ਇਸ ਤੋਂ ਪਹਿਲਾਂ ਕਿ ਕੁਝ ਸਮਝ ਆਉਂਦਾ ਤੇਜ਼ ਹਵਾ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲਦੀ ਹੋਈ 4 ਪਿੰਡਾਂ ਘੜੁੰਆਂ, ਮਾਛੀਪੁਰ, ਥੇੜੀ ਅਤੇ ਸਿੱਲ ਕਪੜਾ ਦੇ ਖੇਤਾਂ 'ਚ ਫੈਲ ਗਈ, ਜਿਸ ਦਾ ਧੂੰਆਂ ਇੰਨਾ ਜ਼ਿਆਦਾ ਸੀ ਕਿ ਕਈ ਕਿਲੋਮੀਟਰ ਤੱਕ ਦੇਖਿਆ ਜਾ ਸਕਦਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਅੱਗ ਬਾਰੇ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਸੀ ਪਰ ਇਕ ਘੰਟੇ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੋਹਾਲੀ, ਸ੍ਰੀ ਚਮਕੌਰ ਸਾਹਿਬ ਅਤੇ ਰੋਪੜ ਤੋਂ ਮੌਕੇ 'ਤੇ ਪੁੱਜੀਆਂ। ਉਨ੍ਹਾਂ ਨੇ ਕਿਹਾ ਕਿ ਘੜੂੰਆਂ ਪੁਲਸ ਇਸ ਥਾਂ ਤੋਂ ਇਕ ਕਿਲੋਮੀਟਰ ਦੂਰੀ 'ਤੇ ਹੀ ਸਥਿਤ ਹੈ ਪਰ ਉੱਥੋਂ ਦੇ ਮੁਲਾਜ਼ਮ ਵੀ ਫਾਇਰ ਬ੍ਰਿਗੇਡ ਦੀ ਗੱਡੀ ਤੋਂ ਬਾਅਦ ਹੀ ਮੌਕੇ 'ਤੇ ਪਹੁੰਚੇ ਅਤੇ ਸਿਰਫ ਚੱਕਰ ਲਾ ਕੇ ਵਾਪਸ ਚਲੇ ਗਏ। ਇਸ ਮੌਕੇ ਮੌਜੂਦ ਕਿਸਾਨ ਯੂਨੀਅਨ ਸਿੱਧੂਪੁਰ ਦੇ ਰਾਜ ਉਪ ਪ੍ਰਧਾਨ ਮੇਹਰ ਸਿੰਘ ਥੇੜੀ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਜਾਣਕਾਰੀ ਖੇਤੀ ਵਿਭਾਗ, ਐੱਸ. ਡੀ. ਐੱਮ., ਖਰੜ ਨੂੰ ਦਿੱਤੀ ਸੀ। 
ਬਾਵਜੂਦ ਉਹ ਸਾਰੇ ਲੇਟ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਇਸ ਅੱਗ ਲੱਗਣ ਦੀ ਘਟਨਾ ਕਾਰਨ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਜਿਨ੍ਹਾਂ 'ਚੋਂ ਕੁਝ ਕੋਲ ਦਾਣੇ ਤਾਂ ਕੀ ਪਸ਼ੂਆਂ ਲਈ ਤੂੜੀ ਤੱਕ ਨਹੀਂ ਰਹੀ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਇਸ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਸਿਰਫ ਖਰਚਾ ਹੀ ਦੇ ਸਕਦੀ ਹੈ, ਜਿਸ ਨੂੰ ਲੋਕ ਮੁਆਵਜ਼ਾ ਕਹਿ ਦਿੰਦੇ ਹਨ, ਉਹ ਵੀ ਬਹੁਤ ਘੱਟ ਹੁੰਦਾ ਹੈ। ਪਿੰਡ ਘੜੂੰਆਂ 'ਚ ਘਟਨਾ ਵਾਲੀ ਥਾਂ 'ਤੇ ਪੁੱਜੇ ਤਹਿਸੀਲਦਾਰ ਰਵਿੰਦਰ ਬਾਂਸਲ ਨੇ ਹਲਕਾ ਪਟਵਾਰੀਆਂ ਨੂੰ ਇਨ੍ਹਾਂ ਜ਼ਮੀਨਾਂ ਦੀ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਹਨ। 


Babita

Content Editor

Related News