ਅੱਗ ਦਾ ਕਹਿਰ : ਕੱਪਡ਼ਾ ਫੈਕਟਰੀ ਤੇ ਗੱਤੇ ਦਾ ਗੋਦਾਮ ਸਡ਼ ਕੇ ਸੁਆਹ

07/16/2018 6:27:48 AM

ਲੁਧਿਆਣਾ, (ਮਹੇਸ਼)- ਮਹਾਨਗਰ ’ਚ ਐਤਵਾਰ ਨੂੰ 2 ਥਾਵਾਂ ’ਤੇ ਅੱਗ ਦਾ ਕਹਿਰ ਰਿਹਾ। ਜਿਥੇ ਇਕ ਪਾਸੇ ਸੁਭਾਸ਼ ਨਗਰ ਇਲਾਕੇ ’ਚ ਕੱਪਡ਼ੇ ਦੀ ਇਕ ਫੈਕਟਰੀ ਸਡ਼ ਕੇ ਸੁਆਹ ਹੋ ਗਈ, ਉਥੇ ਟਿੱਬਾ ਰੋਡ ਦੀ ਗੀਤਾ ਕਾਲੋਨੀ ’ਚ ਗੱਤੇ ਦਾ ਗੋਦਾਮ ਸਡ਼ ਕੇ ਸੁਆਹ ਹੋ ਗਿਆ। ਅੱਗ ਨੂੰ ਕਾਬੂ ਕਰਨ  ਲਈ ਫਾਇਰ ਬ੍ਰਿਗੇਡ ਨੂੰ ਸਖਤ ਮੁਸ਼ੱਕਤ ਕਰਨੀ ਪੈ ਰਹੀ ਹੈ। ਇਨ੍ਹਾਂ ਘਟਨਾਵਾਂ ’ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਸਮਾਚਾਰ ਲਿਖੇ ਜਾਣ ਤੱਕ ਆਗੂ ’ਤੇ ਕਾਬੂ ਪਾਏ ਜਾਣ ਦਾ ਕੰਮ ਜਾਰੀ ਸੀ।
 ਪਹਿਲੀ ਘਟਨਾ ਲਗਭਗ 4 ਵਜੇ ਦੀ ਹੈ, ਜਦ ਸੁਭਾਸ਼ ਨਗਰ ਦੀ ਜ਼ੀਰੋ ਨੰਬਰ ਗਲੀ ’ਚ ਕੱਪਡ਼ੇ ਦੀ ਇਕ ਫੈਕਟਰੀ ਨੂੰ ਅੱਗ ਲੱਗ ਗਈ। ਫੈਕਟਰੀ ਦਾ ਨਾਂ ਰਸ਼ਮੀ ਫੈਬ੍ਰਿਕਸ ਹੈ, ਜਿਸ ਦਾ ਮਾਲਕ ਅਗਰ ਨਗਰ ਇਲਾਕੇ ਦਾ ਰਹਿਣ ਵਾਲਾ ਵਿਵੇਕ ਓਬਰਾਏ ਹੈ। ਐਤਵਾਰ ਨੂੰ ਛੁੱਟੀ ਹੋਣ  ਕਾਰਨ ਫੈਕਟਰੀ ’ਚ ਕੋਈ ਵਰਕਰ ਨਹੀਂ ਸੀ। ਆਲੇ-ਦੁਆਲੇ ਦੇ ਲੋਕਾਂ ਨੇ ਫੈਕਟਰੀ ’ਚੋਂ ਧੂੰਆਂ ਤੇ ਅੱਗ ਦੀਆਂ ਲਪਟਾਂ ਉਠਦੀਆਂ ਦੇਖ ਕੇ ਮਾਲਕ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਅੱਧਾ ਦਰਜਨ ਤੋਂ ਜ਼ਿਆਦਾ ਗੱਡੀਆਂ ਪੁੱਜੀਆਂ, ਰਸਤਾ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਪਹੁੰਚਣ ’ਚ ਸਖਤ ਮਿਹਨਤ ਕਰਨੀ ਪਈ। ਸਮਾਚਾਰ ਲਿਖੇ ਜਾਣ ਤੱਕ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀਅਾਂ ਨੇ ਦੱਸਿਆ ਕਿ ਜਦ ਉਹ ਮੌਕੇ ’ਤੇ ਪਹੁੰਚੇ ਤਾਂ ਫੈਕਟਰੀ ਸਡ਼ ਰਹੀ ਸੀ। ਪੈਟਰੋਲੀਅਮ ਪ੍ਰੋਡਕਟ ਹੋਣ  ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਸੀ, ਜਿਸ ’ਤੇ ਕਾਬੂ ਪਾਉਣ ਲਈ ਉਨ੍ਹਾਂ ਨੂੰ ਸਖਤ ਮਿਹਨਤ ਕਰਨੀ ਪਈ। ਮਾਲਕ ਦਾ ਕਹਿਣਾ ਹੈ ਕਿ ਇਸ ਅਗਨੀਕਾਂਡ ’ਚ ਉਸ ਦਾ ਲਗਭਗ ਪੌਣੇ 2 ਕਰੋਡ਼ ਰੁਪਏ ਦਾ ਨੁਕਸਾਨ ਹੋਇਆ ਹੈ। ਸਾਰੀ ਮਸ਼ੀਨਰੀ, ਕੱਚਾ ਤੇ ਤਿਆਰ ਮਾਲ ਸਡ਼ ਕੇ ਸੁਆਹ ਹੋ ਗਿਆ ਤੇ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। 
 ਪਾਣੀ ਲਈ ਫਾਇਰ ਬ੍ਰਿਗੇਡ ਦਾ ਪਸੀਨਾ ਛੁੱਟਿਆ PunjabKesari
 ਸ਼ਹਿਰ ’ਚ ਅੱਜ ਵੱਖ-ਵੱਖ ਥਾਵਾਂ ’ਤੇ ਬਿਜਲੀ ਦਾ ਕੱਟ  ਲੱਗਣ  ਕਾਰਨ ਫਾਇਰ ਬ੍ਰਿਗੇਡ ਨੂੰ ਪਾਣੀ ਭਰਨ ਲਈ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਅੱਗ ’ਤੇ ਕਾਬੂੂ ਪਾਉਣ  ਲਈ ਫਾਇਰ ਬ੍ਰਿਗੇਡ ਨੂੰ ਪਾਣੀ ਲਈ 15 ਤੋਂ 20 ਮਿੰਟ ਤੱਕ ਇੰਤਜ਼ਾਰ ਕਰਨਾ ਪਿਆ, ਜਿਸ ਕਾਰਨ ਅੱਗ ਦੁਬਾਰਾ ਜ਼ੋਰ ਫਡ਼ਦੀ ਰਹੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਬਿਜਲੀ ਨਾ ਹੋਣ  ਕਾਰਨ ਟਿਊਬਵੈੱਲ ਬੰਦ ਸਨ। ਪਾਣੀ ਭਰਨ ਲਈ ਸਖਤ ਮਿਹਨਤ ਕਰਨੀ ਪਈ। ਇਸ ਲਈ ਉਨ੍ਹਾਂ ਨੂੰ ਸੁੰਦਰ ਨਗਰ ਜਾਣਾ ਪਿਆ। 
 ਕੰਡਮ ਹੋ ਚੁੱਕੀਆਂ ਹਨ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ 
 ਲੋਕਾਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਕੰਡਮ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਦੇ ਬੇਡ਼ੇ ਤੋਂ ਹਟਾ ਦੇਣਾ ਚਾਹੀਦਾ ਹੈ। ਅੱਗ ਬੁਝਾਉਣ ਦੌਰਾਨ ਗੱਡੀਆਂ ਦੇ ਗਰਮ ਹੋ ਜਾਣ ’ਤੇ ਪਾਣੀ ਦਾ ਪ੍ਰੈਸ਼ਰ ਕਈ ਵਾਰ ਘੱਟ ਹੋਇਆ। ਪ੍ਰੈਸ਼ਰ ਬਣਾਉਣ ਲਈ ਫਾਇਰ ਬ੍ਰਿਗੇਡ ਕਰਮਚਾਰੀ ਵਾਰ-ਵਾਰ ਸਖਤ ਮਿਹਨਤ ਕਰਦੇ ਦਿਖੇ। 
ਪੁਲਸ ਅਧਿਕਾਰੀ ਵੀ ਪਹੁੰਚੇ ਮੌਕੇ ’ਤੇ PunjabKesari
 ਸੂਚਨਾ ਮਿਲਣ ’ਤੇ ਏ. ਸੀ. ਪੀ. ਚੌਧਰੀ ਪਵਨਜੀਤ  ਹੋਰ ਪੁਲਸ ਅਧਿਕਾਰੀਆਂ ਨਾਲ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨੇ ਆਸੇ-ਪਾਸੇ ਦਾ ਇਲਾਕਾ ਖਾਲੀ ਕਰਵਾਇਆ ਤਾਂ ਕਿ ਫਾਇਰ ਬ੍ਰਿਗੇਡ ਨੂੰ ਕੰਮ ਕਰਨ ’ਚ ਕੋਈ ਸਮੱਸਿਆ ਨਾ ਆਵੇ ਤੇ ਇਸ ਹਾਦਸੇ ’ਚ ਕਿਸੇ ਦੀ ਜਾਨ ਨਾ ਜਾਵੇ।  ਦੂਜੇ ਪਾਸੇ ਸ਼ਾਮ ਲਗਭਗ 7 ਵਜੇ ਟਿੱਬਾ ਰੋਡ ਦੀ ਗੀਤਾ ਕਾਲੋਨੀ ਇਲਾਕੇ ’ਚ ਸ਼ਾਰਟ ਸਰਕਟ ਦੇ ਕਾਰਨ ਗੱਤੇ ਦੇ ਇਕ ਗੋਦਾਮ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਗੋਦਾਮ ਸਡ਼ਨ ਲੱਗਾ। ਘਟਨਾ ਸਮੇਂ ਗੋਦਾਮ ਬੰਦ ਸੀ ਅਤੇ ਉਸ ਦਾ ਮਾਲਕ ਪੰਕਜ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ। ਆਸ-ਪਾਸ ਦੇ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। 
 ਲੋਕਾਂ ਦਾ ਦੋਸ਼ ਸੀ ਕਿ ਸੂਚਨਾ ਦਿੱਤੇ ਜਾਣ ਦੇ ਇਕ ਘੰਟੇ ਬਾਅਦ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚੀ। ਤਦ ਤੱਕ ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ। ਲੋਕਾਂ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਦੇਰੀ ਦਾ ਕਾਰਨ ਪੁੱਛਿਆ ਤਾਂ ਫਾਇਰ ਬ੍ਰਿਗੇਡ ਨੇ ਕਿਹਾ ਕਿ ਉਹ ਦੂਜੀ ਜਗ੍ਹਾ ’ਤੇ ਲੱਗੀ ਅੱਗ ਬੁਝਾਉਣ ’ਚ ਲੱਗੇ ਹੋਏ ਸਨ। ਸੂਚਨਾ ਮਿਲਣ ’ਤੇ ਉਥੇ ਕੰਮ ਛੱਡ ਕੇ ਆਏ ਹਨ। ਉਧਰ ਲੋਕਾਂ ਦੀ ਭੀਡ਼ ਨੂੰ ਦੇਖਦੇ ਹੋਏ ਥਾਣਾ ਵਰਧਮਾਨ ਤੇ ਟਿੱਬਾ ਤੋਂ ਭਾਰੀ ਪੁਲਸ ਫੋਰਸ ਮੌਕੇ ’ਤੇ ਪਹੁੰਚੀ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਹਥੌਡ਼ੇ ਨਾਲ ਤਾਲਾ ਤੋਡ਼ ਕੇ ਅੱਗ ’ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਸਮਾਚਾਰ ਲਿਖੇ ਜਾਣ ਤੱਕ ਅੱਗ ’ਤੇ ਕਾਬੂ ਪਾਉਣ ਦਾ ਕੰਮ ਜਾਰੀ ਸੀ। ਇਸ ’ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਮਾਲਕ ਦਾ ਕਹਿਣਾ ਹੈ ਕਿ ਇਸ ਹਾਸਦੇ ’ਚ ਉਸ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। 


Related News