ਸ਼ਾਰਟ ਸਰਕਟ ਨਾਲ ਹੌਜ਼ਰੀ ਫੈਕਟਰੀ ’ਚ ਲੱਗੀ ਅੱਗ, ਮਚੀ ਹਫੜਾ-ਦਫੜੀ

Wednesday, Nov 06, 2024 - 11:57 PM (IST)

ਲੁਧਿਆਣਾ (ਗੌਤਮ) - ਨੂਰਵਾਲਾ ਰੋਡ ’ਤੇ ਸਥਿਤ ਬਸੰਤ ਨਗਰ ਦੀ ਗਲੀ ਨੰ. 2 ’ਚ ਹੌਜ਼ਰੀ ਫੈਕਟਰੀ ਦੀ 3 ਮੰਜ਼ਿਲਾ ਇਮਾਰਤ ’ਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਰਿਹਾਇਸ਼ੀ ਇਲਾਕਾ ਹੋਣ ਕਾਰਨ ਲੋਕ ਦਹਿਲ ਗਏ। ਦੱਸਿਆ ਜਾਂਦਾ ਹੈ ਕਿ ਅੱਗ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੈ। ਪਤਾ ਲਗਦੇ ਹੀ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕਰਦੇ ਹੋਏ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਬਸਤੀ ਜੋਧੇਵਾਲ ਦੇ ਇੰਸਪੈਕਟਰ ਗੁਰਦਿਆਲ ਸਿੰਘ, ਏ. ਐੱਸ. ਆਈ. ਬਲਕਾਰ ਸਿੰਘ ਮੌਕੇ ’ਤੇ ਪੁੱਜ ਗਏ। ਫਾਇਰ ਬਿਗ੍ਰੇਡ ਦੀਆਂ 7 ਗੱਡੀਆਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

ਜਾਣਕਾਰੀ ਮੁਤਾਬਕ ਇਸ 3 ਮੰਜ਼ਿਲਾ ਇਮਾਰਤ ਦੇ ਗਰਾਊਂਡ ਫਲੋਰ ’ਤੇ ਰਿਹਾਇਸ਼ ਅਤੇ ਉੱਪਰ ਦੀਆਂ ਮੰਜ਼ਿਲਾਂ ’ਤੇ ਪਾਰਸ ਜੈਨ ਦੀ ਫੈਕਟਰੀ ਹੈ। ਫੈਕਟਰੀ ਮਾਲਕ ਨੇ ਮੰਗਲਵਾਰ ਹੀ ਪਲਾਸਟਿਕ ਕੱਪੜੇ ਦੇ ਕਰੀਬ 300 ਥਾਨ ਮੰਗਵਾਏ ਸਨ, ਜਦੋਂਕਿ 100 ਦੇ ਕਰੀਬ ਥਾਨ ਪਹਿਲਾਂ ਹੀ ਪਏ ਸਨ। ਸ਼ਾਮ ਨੂੰ ਕਰੀਬ 6.30 ਵਜੇ ਲੋਕਾਂ ਨੇ ਫੈਕਟਰੀ ਦੀ ਮੰਜ਼ਿਲ ਤੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਨੇ ਰੌਲਾ ਪਾਇਆ। ਦੇਖਦੇ ਹੀ ਦੇਖਦੇ ਅੱਗ ਭੜਕ ਗਈ ਅਤੇ ਭਿਆਨਕ ਰੂਪ ਧਾਰ ਲਿਆ।

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਦੇ ਧਿਆਨ ਰੂਪ ਨੂੰ ਦੇਖਦੇ ਹੋਏ ਬਚਾਅ ਦੌਰਾਨ ਆਸ-ਪਾਸ ਦੇ ਘਰਾਂ ਨੂੰ ਵੀ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਪਰ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ ਗਿਆ। ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਮਾਮਲੇ ਸੰਬਧੀ ਜਾਂਚ ਕੀਤੀ ਜਾ ਰਹੀ ਹੈ।


Inder Prajapati

Content Editor

Related News