ਫਾਇਰ ਬ੍ਰਿਗੇਡ, ਪੁਲਸ ਤੇ ਸਿਵਲ ਪ੍ਰਸ਼ਾਸਨ ਦੇ ਤੁਰੰਤ ਐਕਸ਼ਨ ਨੇ ਕਈ ਜਾਨਾਂ ਬਚਾਈਆਂ
Saturday, Feb 03, 2018 - 03:36 AM (IST)
ਬਟਾਲਾ, (ਬੇਰੀ, ਖੋਖਰ, ਸੈਂਡੀ)- ਬੀਤੀ ਸ਼ਾਮ ਬਟਾਲਾ ਦੀ ਕਾਹਨੂੰਵਾਨ ਰੋਡ 'ਤੇ ਇਕ ਆਈਸ ਫੈਕਟਰੀ 'ਚ ਅਮੋਨੀਆ ਗੈਸ ਦੀ ਲੀਕੇਜ ਨੂੰ ਰੋਕਣ ਤੇ ਲੋਕਾਂ ਨੂੰ ਇਸ ਜ਼ਹਿਰੀਲੀ ਗੈਸ ਦੇ ਪ੍ਰਭਾਵ ਤੋਂ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਗਏ ਬਚਾਅ ਕਾਰਜ ਅੱਜ ਸਵੇਰੇ ਸਮਾਪਤ ਹੋ ਗਏ। ਇਸ ਗੈਸ ਕਾਂਡ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਬਾਕੀ ਵਿਅਕਤੀਆਂ ਨੂੰ ਫਾਇਰ ਬ੍ਰਿਗੇਡ ਤੇ ਪੰਜਾਬ ਪੁਲਸ ਦੇ ਜਵਾਨਾਂ ਨੇ ਬੜੀ ਬਹਾਦਰੀ ਨਾਲ ਬਚਾ ਲਿਆ। ਫਾਇਰ ਬ੍ਰਿਗੇਡ, ਪੁਲਸ ਜਵਾਨਾਂ ਤੇ ਸਿਵਲ ਅਮਲੇ ਦੀ ਤੁਰੰਤ ਕਾਰਵਾਈ ਨਾਲ ਗੈਸ ਤੋਂ ਪ੍ਰਭਾਵਿਤ ਖੇਤਰ 'ਚ ਲੋਕਾਂ ਨੂੰ ਬਚਾਇਆ ਜਾ ਸਕਿਆ।
ਆਈਸ ਫੈਕਟਰੀ 'ਚ ਧਮਾਕੇ ਤੋਂ ਬਾਅਦ ਗੈਸ ਦੀ ਲੀਕੇਜ ਦੀ ਜਦੋਂ ਸੂਚਨਾ ਪ੍ਰਸ਼ਾਸਨ ਨੂੰ ਮਿਲੀ, ਉਦੋਂ ਹੀ ਫਾਇਰ ਬ੍ਰਿਗੇਡ ਤੇ ਪੰਜਾਬ ਪੁਲਸ ਦੇ ਜਵਾਨਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ, ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਐੱਸ. ਡੀ. ਐੱਮ. ਬਟਾਲਾ ਰੋਹਿਤ ਗੁਪਤਾ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਤੇ ਅਗਵਾਈ ਕੀਤੀ।
ਫਾਇਰ ਬ੍ਰਿਗੇਡ ਤੇ ਪੰਜਾਬ ਪੁਲਸ ਦੇ ਜਵਾਨਾਂ ਨੇ ਆਪਣੀ ਜਾਨ 'ਤੇ ਖੇਡ ਕੇ ਆਈਸ ਫੈਕਟਰੀ 'ਚੋਂ ਬੇਹੋਸ਼ ਪਏ ਵਿਅਕਤੀਆਂ ਨੂੰ ਬਾਹਰ ਕੱਢਿਆ। ਲੁਧਿਆਣਾ ਤੋਂ ਪਹੁੰਚੀ ਐੱਨ. ਡੀ. ਆਰ. ਐੱਫ. ਟੀਮ ਨੇ ਲੀਕੇਜ ਨੂੰ ਬੰਦ ਕਰਨ 'ਚ ਅਹਿਮ ਭੂਮਿਕਾ ਨਿਭਾਈ। ਇਸੇ ਦੌਰਾਨ ਰਾਹਤ ਕਾਰਜਾਂ 'ਚ ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਤੇ ਹੋਰ ਅਮਲੇ ਨਾਲ ਸਿਵਲ ਡਿਫੈਂਸ ਬਟਾਲਾ ਦੇ ਵਾਲੰਟੀਅਰਾਂ ਨੇ ਸਹਿਯੋਗ ਦਿੱਤਾ।
ਬਟਾਲਾ ਦੇ ਫਾਇਰ ਅਫ਼ਸਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਇਹ ਰੈਸਕਿਊ ਆਪਰੇਸ਼ਨ ਖਤਮ ਹੋ ਗਿਆ। ਉਨ੍ਹਾਂ ਕਿਹਾ ਕਿ ਲੀਕੇਜ ਬੰਦ ਹੋਣ ਕਾਰਨ ਤੇ ਧੁੱਪ ਨਿਕਲਣ ਕਾਰਨ ਹੁਣ ਗੈਸ ਦਾ ਖਤਰਾ ਖਤਮ ਹੋ ਚੁੱਕਾ ਹੈ। ਇਸ ਆਪਰੇਸ਼ਨ ਦੌਰਾਨ ਫਾਇਰ ਬ੍ਰਿਗੇਡ ਦੇ ਜੋ ਜਵਾਨ ਗੈਸ ਚੜ੍ਹਨ ਕਾਰਨ ਪ੍ਰਭਾਵਿਤ ਹੋਏ ਸਨ, ਉਹ ਹੁਣ ਠੀਕ ਹਨ। ਉਨ੍ਹਾਂ ਸਿਵਲ ਤੇ ਪੁਲਸ ਜਵਾਨਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਹੈ।
ਦੱਸਣਯੋਗ ਹੈ ਕਿ ਇਸ ਫੈਕਟਰੀ ਨਾਲ ਰਿਹਾਇਸ਼ੀ ਇਲਾਕਾ ਹੈ ਅਤੇ ਇਕ ਮੈਰਿਜ ਪੈਲੇਸ ਵੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਜਿਹੀਆਂ ਫੈਕਟਰੀਆਂ ਸ਼ਹਿਰੋਂ ਬਾਹਰ ਫੋਕਲ ਪੁਆਇੰਟ ਵਿਚ ਹੀ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਰਤ 'ਚ ਜਾਨੀ ਨੁਕਸਾਨ ਨਾ ਹੋ ਸਕੇ।
ਬਟਾਲਾ ਗੈਸ ਲੀਕ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ
ਬਟਾਲਾ ਦੀ ਕਾਹਨੂੰਵਾਨ ਰੋਡ 'ਤੇ ਤੁੱਲੀ ਆਈਸ ਫੈਕਟਰੀ 'ਚ 1 ਫਰਵਰੀ ਦੀ ਸ਼ਾਮ ਨੂੰ ਅਮੋਨੀਆ ਗੈਸ ਲੀਕ ਹੋਣ ਨਾਲ ਇਕ ਵਿਅਕਤੀ ਦੀ ਮੌਤ ਤੇ ਕੁਝ ਵਿਅਕਤੀ ਗੈਸ ਚੜ੍ਹਨ ਨਾਲ ਬੇਹੋਸ਼ ਹੋ ਗਏ ਸਨ। ਇਸ ਦਾ ਨੋਟਿਸ ਲੈਂਦਿਆਂ ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ ਨੇ ਘਟਨਾ ਦੇ ਸਹੀ ਤੱਥਾਂ ਦਾ ਪਤਾ ਲਾਉਣ ਲਈ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਨੇ ਐੱਸ. ਡੀ. ਐੱਮ. ਬਟਾਲਾ ਰੋਹਿਤ ਗੁਪਤਾ ਨੂੰ ਇਹ ਜਾਂਚ ਕਰਨ ਦੇ ਹੁਕਮ ਦਿੰਦਿਆਂ ਹਦਾਇਤ ਕੀਤੀ ਹੈ ਕਿ ਇਸ ਸੰਬੰਧੀ ਰਿਪੋਰਟ ਇਕ ਹਫਤੇ 'ਚ ਉਨ੍ਹਾਂ ਨੂੰ ਪੇਸ਼ ਕੀਤੀ ਜਾਵੇ।
