ਅਨਾਜ ਮੰਡੀ ''ਚ ਨਰਮੇ ਦੀਆਂ ਚਾਰ ਢੇਰੀਆਂ ਨੂੰ ਅੱਗ ਲੱਗਣ ਨਾਲ 16 ਕੁਇੰਟਲ ਨਰਮਾ ਸੜਿਆ

Thursday, Oct 05, 2017 - 02:16 AM (IST)

ਅਨਾਜ ਮੰਡੀ ''ਚ ਨਰਮੇ ਦੀਆਂ ਚਾਰ ਢੇਰੀਆਂ ਨੂੰ ਅੱਗ ਲੱਗਣ ਨਾਲ 16 ਕੁਇੰਟਲ ਨਰਮਾ ਸੜਿਆ

ਭੁੱਚੋ ਮੰਡੀ(ਨਾਗਪਾਲ)-ਸਥਾਨਕ ਅਨਾਜ ਮੰਡੀ 'ਚ ਨਰਮੇ ਦੀਆਂ ਚਾਰ ਢੇਰੀਆਂ ਨੂੰ ਅੱਗ ਲੱਗਣ ਨਾਲ ਕਿਸਾਨਾਂ ਦਾ ਕਰੀਬ 16 ਕੁਇੰਟਲ ਨਰਮਾ ਸੜ ਗਿਆ। ਕਿਸਾਨਾਂ ਨੇ ਦੱਸਿਆ ਕਿ ਉਹ ਇਹ ਨਰਮਾ ਅੱਜ ਸਵੇਰੇ ਹੀ ਮੰਡੀ 'ਚ ਆੜ੍ਹਤ ਦੀ ਦੁਕਾਨ ਮਾਲੀ ਮੱਲ ਬਾਰੂ ਮੱਲ 'ਤੇ ਵੇਚਣ ਲਈ ਲੈ ਕੇ ਆਏ ਸਨ ਅਤੇ ਬਾਅਦ ਦੁਪਹਿਰ ਕਰੀਬ 3 ਵਜੇ ਨਰਮੇ ਦੀਆਂ ਢੇਰੀਆਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਸਭ ਤੋਂ ਪਹਿਲਾਂ ਆੜ੍ਹਤੀ ਨੂੰ ਲੱਗਾ ਤੇ ਉਸ ਦੇ ਰੌਲਾ ਪਾਉਣ 'ਤੇ ਦਾਣਾ ਮੰਡੀ 'ਚ ਹਾਜ਼ਰ ਕਿਸਾਨਾਂ, ਆੜ੍ਹਤੀਆਂ ਅਤੇ ਪੱਲੇਦਾਰਾਂ ਨੇ ਪਾਣੀ ਪਾ ਕੇ ਅੱਗ ਨੂੰ ਕਾਬੂ ਕੀਤਾ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਇਸ ਨਰਮੇ ਦੀ ਬੋਲੀ ਲੱਗ ਚੁੱਕੀ ਸੀ। ਇਸ ਘਟਨਾ ਦੌਰਾਨ ਕਿਸਾਨ ਗਮਦੂਰ ਸਿੰਘ ਪੁੱਤਰ ਚਤਿੰਨ ਸਿੰਘ ਲਹਿਰਾ ਬੇਗਾ ਦੇ 5 ਕੁਇੰਟਲ ਨਰਮੇ ਦੀ 4120 ਰੁਪਏ ਪ੍ਰਤੀ ਕੁਇੰਟਲ, ਕਿਸਾਨ ਮਲਕੀਤ ਸਿੰਘ ਪੁੱਤਰ ਜੰਗੀਰ ਸਿੰਘ ਭੁੱਚੋ ਖੁਰਦ ਦੇ 2 ਕੁਇੰਟਲ ਨਰਮੇ ਦੀ 4230 ਰੁਪਏ, ਕਿਸਾਨ ਜੀਤ ਸਿੰਘ ਪੁੱਤਰ ਬਲਦੇਵ ਸਿੰਘ ਭੁੱਚੋ ਖੁਰਦ ਦੇ 3 ਕੁਇੰਟਲ ਨਰਮੇ ਦੀ 3970 ਰੁਪਏ ਤੇ ਕਿਸਾਨ ਅਮਰਜੀਤ ਸਿੰਘ ਪੁੱਤਰ ਗੁਰਪਾਲ ਸਿੰਘ ਤੁੰਗਵਾਲੀ ਦੇ 6 ਕੁਇੰਟਲ ਨਰਮੇ ਦੀ ਬੋਲੀ 4180 ਰੁਪਏ ਲੱਗੀ ਸੀ। ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਗਰਗ ਤੇ ਪ੍ਰੇਮ ਕੁਮਾਰ ਨੇ ਕਿਹਾ ਕਿ ਭੁੱਚੋ ਮੰਡੀ ਵਿਖੇ ਅੱਗ ਨਾਲ ਵਾਪਰਨ ਵਾਲੀਆਂ ਮੰਦਭਾਗੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਸਹੂਲਤ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀ ਵਾਸੀਆਂ ਲਈ ਫਾਇਰ ਬ੍ਰਿਗੇਡ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।
 


Related News