ਵੱਖ-ਵੱਖ ਥਾਵਾਂ ''ਤੇ ਲੱਗੀ ਅੱਗ ਨਾਲ 35 ਏਕੜ ਨਾੜ ਸੜਿਆ

Sunday, Apr 22, 2018 - 05:29 PM (IST)

ਵੱਖ-ਵੱਖ ਥਾਵਾਂ ''ਤੇ ਲੱਗੀ ਅੱਗ ਨਾਲ 35 ਏਕੜ ਨਾੜ ਸੜਿਆ

ਜਲਾਲਾਬਾਦ (ਨਿਖੰਜ) : ਜਲਾਲਾਬਾਦ ਦੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਖੇਤਾਂ ਵਿਚ ਨਾੜ ਨੂੰ ਅੱਗ ਲੱਗਣ ਨਾਲ 35 ਏਕੜ ਦੇ ਕਰੀਬ ਕਣਕ ਦਾ ਨਾੜ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਹਿਲੀ ਘਟਨਾ ਵਿਚ ਫਿਰੋਜ਼ਪੁਰ ਫਾਜ਼ਿਲਕਾ ਮਾਰਗ 'ਤੇ ਨਵੇਂ ਸਤਸੰਗ ਘਰ ਦੇ ਸਾਹਮਣੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਦੇ ਸਿੱਟੇ ਵੱਜੋਂ ਨਿਕਲੀ ਚੰਗਿਆੜੀ ਨਾਲ ਕਿਸਾਨ ਬਲਵੀਰ ਸਿੰਘ ਪੁੱਤਰ ਸੁਦਾਗਰ ਸਿੰਘ ਦਾ ਤੂੜੀ ਬਣਾਉਂਣ ਲਈ ਪਿਆ 5 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਨਾਲ ਲੱਗਦੇ ਪਿੰਡ ਮੌਜੇ ਵਾਲਾ ਅਤੇ ਢਾਣੀ ਸੁੰਦਰਪੁਰਾ ਦੇ ਲੋਕਾਂ ਨੇ ਜੱਦੋ-ਜ਼ਹਿਦ ਕਰਨ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। 
ਇਸੇ ਤਰ੍ਹਾਂ ਪਿੰਡ ਘੁਬਾਇਆ ਦੇ ਨਜ਼ਦੀਕ ਪੈਂਦੀ ਢਾਣੀ ਚਰਨ ਸਿੰਘ ਦੇ ਕੋਲ ਲੱਗੀ ਅੱਗ ਨਾਲ ਬਸਤੀ ਕੇਰਾ ਵਾਲੀ, ਚੱਕ ਟਾਹਲੀ ਵਾਲਾ ਅਤੇ ਪਿੰਡ ਘੁਬਾਇਆ ਦੇ ਕਿਸਾਨਾਂ ਦਾ ਨਾੜ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਦਲੀਪ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਘੁਬਾਇਆ 5 ਏਕੜ, ਜਸਵੰਤ ਸਿੰਘ ਪੁੱਤਰ ਚਰਨ ਸਿੰਘ ਬਸਤੀ ਕੇਰਾ ਵਾਲੀ 2 ਏਕੜ, ਪਰਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਚੱਕ ਟਾਹਲੀਵਾਲਾ 2 ਏਕੜ, ਸੁਰਜੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਚੱਕ ਟਾਹਲੀਵਾਲਾ 2 ਏਕੜ, ਗਿਆਨ ਪੁੱਤਰ ਮਾਹਗਾ ਸਿੰਘ ਵਾਸੀ ਚੱਕ ਟਾਹਲੀਵਾਲਾ 4 ਏਕੜ, ਗੱਜਣ ਸਿੰਘ ਚੱਕ ਟਾਹਲੀਵਾਲਾ ਢਾਈ ਏਕੜ, ਸੁਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਚੱਕ ਟਾਹਲੀਵਾਲਾ 4 ਏਕੜ, ਕਸ਼ਮੀਰ ਸਿੰਘ ਪੁੱਤਰ ਬੱਗਾ ਸਿੰਘ 5 ਏਕੜ,  ਰੂਪ ਸਿੰਘ ਪੁੱਤਰ ਗੱਜਣ ਸਿੰਘ 3 ਏਕੜ ਅਤੇ ਰਾਮ ਕੁਮਾਰ ਪੁੱਤਰ ਵਸਾਵਾ ਰਾਮ ਵਾਸੀ ਘੁਬਾਇਆ ਦਾ 4 ਕਨਾਲ ਨਾੜ ਅੱਗ ਦੀ ਭੇਂਟ ਚੜ੍ਹ ਗਿਆ। 
ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਜ਼ਿਲਾ ਫਾਜ਼ਿਲਕਾ ਦੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪੁੱਜੀ ਤਾਂ ਲੋਕਾਂ ਨੇ ਅੱਗ 'ਤੇ ਕਾਬੂ ਪਾ ਲਿਆ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਚੌਕੀ ਘੁਬਾਇਆ ਦੇ ਹੌਲਦਾਰ ਜਸਵੰਤ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।


Related News