ਵਿਆਹ ਦਾ ਝਾਂਸਾ ਦੇ ਕੇ ਤਲਾਕਸ਼ੁਦਾ ਔਰਤ ਨਾਲ ਬਣਾਏ ਸਰੀਰਕ ਸਬੰਧ, ਮਾਮਲਾ ਦਰਜ

Saturday, Sep 20, 2025 - 02:28 PM (IST)

ਵਿਆਹ ਦਾ ਝਾਂਸਾ ਦੇ ਕੇ ਤਲਾਕਸ਼ੁਦਾ ਔਰਤ ਨਾਲ ਬਣਾਏ ਸਰੀਰਕ ਸਬੰਧ, ਮਾਮਲਾ ਦਰਜ

ਮੋਹਾਲੀ (ਜੱਸੀ) : ਥਾਣਾ ਸੋਹਾਣਾ ਅਧੀਨ ਪੈਂਦੇ ਇਲਾਕੇ ’ਚ ਇਕ ਔਰਤ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਅਤੇ ਬਾਅਦ ’ਚ ਵਿਆਹ ਕਰਵਾਉਣ ਤੋਂ ਮੁੱਕਰਨ ਵਾਲੇ ਵਿਅਕਤੀ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਨਵਜੋਤ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ। ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਤਲਾਕ 2023 ’ਚ ਹੋਇਆ ਸੀ ਅਤੇ ਉਸ ਦੇ 2 ਬੱਚੇ ਹਨ। ਉਹ ਨਵਜੋਤ ਸਿੰਘ ਨੂੰ ਕਰੀਬ ਡੇਢ ਸਾਲ ਤੋਂ ਜਾਣਦੀ ਹੈ ਅਤੇ ਉਸ ਵੱਲੋਂ ਨਵਜੋਤ ਸਿੰਘ ਨੂੰ ਆਪਣੇ ਬਾਰੇ ਸਭ ਕੁੱਝ ਦੱਸਿਆ ਗਿਆ ਸੀ।

ਨਵਜੋਤ ਸਿੰਘ ਨੇ ਉਸ ਬਾਰੇ ਸਭ ਕੁੱਝ ਜਾਨਣ ਤੋਂ ਬਾਅਦ ਉਸ ਨਾਲ ਵਿਆਹ ਕਰਵਾਉਣ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਉਸ ਵੱਲੋਂ ਵੀ ਮਨਜ਼ੂਰ ਕਰ ਲਿਆ ਗਿਆ। ਨਵਜੋਤ ਅਪ੍ਰੈਲ 2025 ’ਚ ਉਸ ਨੂੰ ਪੂਰਵ ਅਪਾਰਟਮੈਂਟ ’ਚ ਲੈ ਗਿਆ ਅਤੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਜੁਲਾਈ 2025 ’ਚ ਨਵਜੋਤ ਉਸ ਨੂੰ ਸੈਕਟਰ-88 ਦੇ ਉਸ ਪੀ. ਜੀ. ’ਚ ਮਿਲਣ ਲਈ ਆਇਆ, ਜਿੱਥੇ ਉਹ ਰਹਿ ਰਹੀ ਸੀ, ਉਕਤ ਪੀ. ਜੀ. ’ਚ ਵੀ ਨਵਜੋਤ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ।

ਉਹ ਗਰਭਵਤੀ ਹੋ ਗਈ ਅਤੇ ਉਸ ਨੇ ਨਵਜੋਤ ਸਿੰਘ ਨੂੰ ਆਪਣੇ ਗਰਭਵਤੀ ਹੋਣ ਬਾਰੇ ਦੱਸਿਆ ਅਤੇ ਵਿਆਹ ਕਰਵਾਉਣ ਦਾ ਵਾਸਤਾ ਪਾਇਆ ਤਾਂ ਨਵਜੋਤ ਨੇ ਉਸ ਨੂੰ ਗਰਭਪਾਤ ਕਰਵਾਉਣ ਲਈ ਕਿਹਾ। ਉਸ ਤੋਂ ਬਾਅਦ ਨਵਜੋਤ ਉਸ ਨਾਲ ਵਿਆਹ ਕਰਵਾਉਣ ਤੋਂ ਮੁੱਕਰ ਗਿਆ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ, ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Babita

Content Editor

Related News