ਫ਼ਿਰੌਤੀ ਦੀ ਮੰਗ ਕਰਨ ਵਾਲੇ 3 ਵਿਅਕਤੀਆਂ ''ਤੇ ਪਰਚਾ ਦਰਜ
Wednesday, Dec 04, 2024 - 05:15 PM (IST)
ਫਾਜ਼ਿਲਕਾ (ਲੀਲਾਧਰ) : ਥਾਣਾ ਖੂਈਖੇੜਾ ਪੁਲਸ ਨੇ ਫ਼ਿਰੌਤੀ ਦੀ ਮੰਗ ਕਰਨ ਵਾਲੇ ਤਿੰਨ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਸ. ਐੱਚ. ਓ. ਗੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਲਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕਬੂਲਸ਼ਾਹ ਖੁੱਬਣ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 02-12-2024 ਨੂੰ ਰਾਤ 10.30 ਵਜੇ ਉਹ ਰੋਟੀ-ਪਾਣੀ ਖਾ ਕੇ ਸੌਂ ਰਹੇ ਸਨ। ਇਸ ਦੌਰਾਨ ਕੁੱਝ ਅਣਪਛਾਤੇ ਵਿਅਕਤੀ ਕੰਧ ਟੱਪ ਕੇ ਉਸ ਦੇ ਘਰ ਆ ਗਏ ਅਤੇ ਉਸ ਦੇ ਪੁੱਤਰ ਸਰਬਜੀਤ ਸਿੰਘ ਨੂੰ ਆਵਾਜ਼ ਮਾਰਨ ਲੱਗ ਪਏ। ਜਦੋਂ ਸਰਬਜੀਤ ਸਿੰਘ ਕਮਰੇ ਵਿੱਚੋਂ ਬਾਹਰ ਆਇਆ ਤਾਂ ਤਿੰਨ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਪੁਲਸ ਦੀ ਵਰਦੀ ਪਾਈ ਸੀ, ਉਸ ਨੂੰ ਜ਼ਬਰਦਸਤੀ ਫੜ੍ਹ ਕੇ ਘਰੋਂ ਬਾਹਰ ਲੈ ਗਏ ਅਤੇ ਕਿਹਾ ਕਿ ਇਸ ਦੇ ਖ਼ਿਲਾਫ਼ ਥਾਣੇ ਵਿੱਚ ਦਰਖ਼ਾਸਤ ਆਈ ਹੈ ਅਤੇ ਕਾਰ ਵਿੱਚ ਬਿਠਾ ਕੇ ਲੈ ਗਏ।
ਉਸ ਤੋਂ ਕੁੱਝ ਸਮੇਂ ਬਾਅਦ ਵੱਖ-ਵੱਖ ਮੋਬਾਇਲ ਨੰਬਰਾਂ ਤੋਂ ਉਸ ਨੂੰ ਫੋਨ ਆਉਣੇ ਸ਼ੁਰੂ ਹੋ ਗਏ, ਜੋ ਕਹਿੰਦੇ ਸਨ ਕਿ ਸਰਬਜੀਤ ਸਿੰਘ 'ਤੇ ਨਸ਼ੇ ਦਾ ਕੇਸ ਪੈ ਗਿਆ ਹੈ ਅਤੇ ਜੇਕਰ ਉਹ ਉਸ ਨੂੰ ਬਚਾਉਣਾ ਚਾਹੁੰਦੇ ਹਨ ਤਾਂ 50 ਲੱਖ ਰੁਪਏ ਦੇ ਦੇਣ। ਉਹ ਵਾਰ-ਵਾਰ ਫੋਨ ਕਰਕੇ ਫ਼ਿਰੌਤੀ ਦੀ ਮੰਗ ਕਰਦੇ ਰਹੇ। ਪੁਲਸ ਨੇ ਕੁਲਦੀਪ ਸਿੰਘ ਪੁੱਤਰ ਮਲਕੀਤ ਸਿੰਘ, ਹਰਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀਆਨ ਲੱਖੇ ਕੇ ਉਤਾੜ ਅਤੇ ਗੁਰਦੇਵ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਸੰਤੋਖ ਸਿੰਘ ਵਾਲਾ 'ਤੇ ਪਰਚਾ ਦਰਜ ਕਰ ਲਿਆ ਹੈ।