ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਦੇ ਦੋਸ਼ ’ਚ 15 ਖ਼ਿਲਾਫ਼ ਮਾਮਲਾ ਦਰਜ
Wednesday, Aug 21, 2024 - 12:33 PM (IST)
ਜ਼ੀਰਾ (ਗੁਰਮੇਲ) : ਝਗੜੇ ਦੀ ਰੰਜਿਸ਼ ਦੇ ਚੱਲਦੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਅਤੇ ਮੁੰਡੇ ਨੂੰ ਅਦਾਲਤ ਦੇ ਹੁਕਮਾਂ ਤਹਿਤ ਮਿਲੇ ਗੰਨਮੈਨ ਨੂੰ ਫਾਇਰ ਦੇ ਸ਼ਰੇ ਲੱਗਣ ਨਾਲ ਜ਼ਖਮੀ ਹੋਣ ਦੇ ਮਾਮਲੇ ’ਚ ਪੁਲਸ ਨੇ ਕਰੀਬ 15 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਥਾਣਾ ਸਦਰ ਜ਼ੀਰਾ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਮੁੱਦਈ ਗੁਰਜੰਟ ਸਿੰਘ ਪੁੱਤਰ ਮਾਨ ਸਿੰਘ ਵਾਸੀ ਨੂਰਪੁਰ ਮਾਛੀਵਾੜਾ ਨੇ ਦੱਸਿਆ ਕਿ ਉਸ ਦੇ ਪੁੱਤਰ ਗੁਰਪ੍ਰਕਾਸ਼ ਸਿੰਘ ਨੇ ਲਵ ਮੈਰਿਜ ਕਰਾਈ ਹੈ, ਜਿਸ ਕਾਰਨ ਅਦਾਲਤ ਵੱਲੋਂ ਉਸ ਨੂੰ ਗੰਨਮੈਨ ਸਿਪਾਹੀ ਸਿਮਰਨਜੀਤ ਸਿੰਘ ਨੰਬਰ 504/ਫਿਰੋਜ਼ਪੁਰ ਮਿਲਿਆ ਹੋਇਆ ਹੈ।
ਸਿਮਰਨਜੀਤ ਸਿੰਘ ਨੂੰ ਏ. ਕੇ. 47 ਰਾਈਫਲ ਤੇ 50 ਰੌਂਦ ਜਾਰੀ ਹੋਏ ਹਨ, ਜੋ ਪੀਰ ਬਾਬਾ ਦੀ ਜਗ੍ਹਾ ਪਿੰਡ ਮਾਛੀਵਾੜਾ ਮੱਥਾ ਟੇਕ ਕੇ ਵਾਪਸ ਆ ਰਹੇ ਸੀ। ਇਸ ਦੌਰਾਨ ਪਿੰਡੋਂ ਨਿਕਲਦਿਆਂ ਹੀ ਦਾਣਾ ਮੰਡੀ ਦੀ ਗੁੱਠ ’ਤੇ ਮੁਲਜ਼ਮ ਮਨੀ ਲਾਟੀਆਂ ਵਾਸੀ ਨੂਰਪੁਰ, ਗੁਰਵੰਤ ਸਿੰਘ ਮਸਤੇ ਵਾਲਾ, ਗੁਰਵਿੰਦਰ ਸਿੰਘ ਉਰਫ਼ ਗੁੱਜਰ ਪਿੰਡ ਚੱਬਾ, ਕੁਲਦੀਪ ਸਿੰਘ ਮਾਛੀਵਾੜਾ ਜੋਗਾ ਸਿੰਘ ਨੂਰਪੁਰ ਅਤੇ 10-11 ਹੋਰ ਅਣਪਛਾਤੇ ਵਿਅਕਤੀਆਂ ਨੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ।
ਇਸ ਦੌਰਾਨ 12 ਬੋਰ ਬੰਦੂਕ ਦੇ ਸ਼ਰੇ ਗੰਨਮੈਨ ਸਿਮਰਨਜੀਤ ਸਿੰਘ ਦੇ ਲੱਗੇ ਹਨ, ਜਿਸ ਨਾਲ ਸਿਮਰਨਜੀਤ ਸਿੰਘ ਜ਼ਖਮੀ ਹੋ ਗਿਆ, ਜੋ ਸਿਵਲ ਹਸਪਤਾਲ ਜ਼ੀਰਾ ਵਿਖੇ ਜ਼ੇਰੇ ਇਲਾਜ ਹੈ। ਮੁੱਦਈ ਅਨੁਸਾਰ ਪਿੰਡ ’ਚ ਅਮਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਮਨੀ ਲਾਟੀਆ ਹੋਰਾਂ ਦੀ ਆਪਸ ’ਚ ਲੜਾਈ ਹੋਈ ਸੀ, ਜਿਸ ਦਾ ਮੁੱਦਈ ਨੇ ਰਾਜ਼ੀਨਾਮਾ ਕਰਵਾਇਆ ਸੀ ਪਰ ਮੁਲਜ਼ਮ ਮਨੀ ਲਾਟੀਆ ਵਗੈਰਾ ਖੁਸ਼ ਨਹੀਂ ਸਨ, ਜਿਸ ਕਾਰਨ ਇਨ੍ਹਾ ਨੇ ਮੁੱਦਈ ਹੋਰਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕੀਤੇ।