ਨਸ਼ਾ ਵੇਚਣ ਤੋਂ ਰੋਕਣ ’ਤੇ ਚੱਲੀ ਗੋਲੀ ’ਚ ਇਕ ਜ਼ਖਮੀ, 3 ਖ਼ਿਲਾਫ਼ ਮਾਮਲਾ ਦਰਜ

Monday, Dec 09, 2024 - 03:56 PM (IST)

ਗੁਰੂਹਰਸਹਾਏ (ਮਨਜੀਤ) : ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਫਤਿਹਗੜ੍ਹ ਗਹਿਰੀ ਦੇ ਕੋਲ ਨਸ਼ਾ ਵੇਚਣ ਤੋਂ ਰੋਕਣ ’ਤੇ ਇਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕਰਕੇ ਜ਼ਖਮੀ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮਲਕੀਤ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਪਿੰਡ ਗਹਿਰੀ ਨੇ ਦੱਸਿਆ ਕਿ ਮਿਤੀ 4 ਦਸੰਬਰ 2024 ਨੂੰ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੰਮ ਕਾਰ ਦੇ ਸਬੰਧ ਵਿਚ ਲੈਪੋ ਜਾ ਰਿਹਾ ਸੀ।

ਜਦ ਉਹ ਪਿੰਡ ਤੋਂ ਥੋੜ੍ਹੀ ਦੂਰ ਪੁੱਜਾ ਤਾਂ ਦੋਸ਼ੀਅਨ ਸੁਖਦੇਵ ਸਿੰਘ ਉਰਫ਼ ਡੱਬੂ, ਜਸਦੇਵ ਸਿੰਘ ਉਰਫ਼ ਜੱਸਾ ਪੁੱਤਰਾਨ ਸੋਹਣ ਸਿੰਘ, ਸੁਰਜੀਤ ਸਿੰਘ ਉਰਫ਼ ਸੀਰਾ ਪੁੱਤਰ ਕਪੂਰ ਸਿੰਘ ਵਾਸੀਅਨ ਪਿੰਡ ਗਹਿਰੀ ਨੇ ਉਸ ਦਾ ਮੋਟਰਸਾਈਕਲ ਰੋਡ ਲਿਆ ਤੇ ਦੋਸ਼ੀ ਸੁਖਦੇਵ ਸਿੰਘ ਨੇ ਆਪਣੀ ਦਸਤੀ ਪਿਸਤੌਲ ਦਾ ਫਾਇਰ ਮਾਰ ਦੇਣ ਦੀ ਨੀਅਤ ਨਾਲ ਕੀਤਾ, ਜੋ ਉਸ ਦੇ ਸੱਜੇ ਡੋਲੇ 'ਤੇ ਲੱਗਾ। ਵਜ਼ਾ ਰੰਜ਼ਿਸ਼ ਇਹ ਹੈ ਕਿ ਉਹ ਜੋ ਦੋਸ਼ੀਅਨ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ। ਇਸੇ ਰੰਜ਼ਿਸ਼ ਦੇ ਚੱਲਦਿਆਂ ਉਕਤ ਦੋਸ਼ੀਅਨ ਨੇ ਉਸ ’ਤੇ ਹਮਲਾ ਕੀਤਾ। ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਪੀ. ਜੀ. ਆਈ. ਚੰਡੀਗੜ੍ਹ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹਿਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


Babita

Content Editor

Related News