'ਕੋਰੋਨਾ ਵਾਇਰਸ' ਸਬੰਧੀ ਝੂਠੀ ਅਫ਼ਵਾਹ ਫੈਲਾਉਣੀ ਨੌਜਵਾਨ ਨੂੰ ਪਈ ਮਹਿੰਗੀ, ਮਾਮਲਾ ਦਰਜ
Sunday, May 03, 2020 - 10:00 AM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ) : ਹਰਸੀ ਪਿੰਡ ਨਿਵਾਸੀ ਇੱਕ ਨੌਜਵਾਨ ਨੂੰ ਕੋਰੋਨਾ ਵਾਇਰਸ ਸਬੰਧੀ ਫੈਲਾਈ ਗਈ ਅਫਵਾਹ ਉਸ ਸਮੇਂ ਮਹਿੰਗੀ ਪੈ ਗਈ, ਜਦੋਂ ਟਾਂਡਾ ਪੁਲਸ ਨੇ ਉਸ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ। ਪੁਲਸ ਨੇ ਇਹ ਮਾਮਲਾ ਅਫ਼ਵਾਹ ਦਾ ਸ਼ਿਕਾਰ ਹੋਏ ਪਿੰਡ ਦੇ ਨਿਵਾਸੀ ਹਰਪ੍ਰੀਤ ਸਿੰਘ, ਪੁੱਤਰ ਅਵਤਾਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਚਰਨਜੀਤ ਸਿੰਘ ਪੁੱਤਰ ਹਰਨਾਮ ਸਿੰਘ ਦੇ ਖਿਲਾਫ਼ ਦਰਜ ਕੀਤਾ ਹੈ।
ਜਾਣੋ ਕੀ ਹੈ ਮਾਮਲਾ
ਟਾਂਡਾ ਪੁਲਸ ਨੂੰ ਹਰਪ੍ਰੀਤ ਸਿੰਘ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਦਾਦਾ ਹਰਬੰਸ ਸਿੰਘ ਪੁੱਤਰ ਦੀਵਾਨ ਸਿੰਘ ਬਾਕੀ ਸੰਗਤਾਂ ਦੇ ਨਾਲ ਸ੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਦਰਸ਼ਨ ਲਈ ਗਿਆ ਹੋਇਆ ਸੀ ਅਤੇ ਦੇਸ਼ 'ਚ ਕੋਰੋਨਾ ਵਾਇਰਸ ਦੇ ਚੱਲਦਿਆਂ ਕੀਤੇ ਗਏ ਲਾਕ ਡਾਊਨ 'ਚ ਬਾਕੀ ਸੰਗਤਾਂ ਦੇ ਨਾਲ ਹੀ ਉੱਥੇ ਫਸ ਗਏ। ਹੁਣ ਭਾਰਤ ਸਰਕਾਰ ਦੀ ਮਦਦ ਦੇ ਨਾਲ ਜਦੋਂ ਪੰਜਾਬ ਸਰਕਾਰ ਨੇ ਬਾਕੀ ਸੰਗਤਾਂ ਦੇ ਨਾਲ ਉਸ ਦੇ ਦਾਦਾ ਜੀ ਨੂੰ ਵੀ ਲਿਆ ਕੇ 29 ਅਪ੍ਰੈਲ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਿਆਤ ਬਾਹਰਾ ਕਾਲਜ 'ਚ ਬਣਾਏ ਸੈਂਟਰ 'ਚ ਠਹਿਰਾਇਆ ਹੋਇਆ ਹੈ ਅਤੇ ਉਨ੍ਹਾਂ ਦਾ ਅਜੇ ਤੱਕ ਟੈਸਟ ਵੀ ਨਹੀਂ ਹੋਇਆ ਹੈ। ਉਸ ਦੇ ਦਾਦੇ ਨੂੰ ਬੀ. ਪੀ. ਅਤੇ ਸ਼ੂਗਰ ਦੀ ਬੀਮਾਰੀ ਹੋਣ ਕਰਕੇ ਉਨ੍ਹਾਂ ਨੇ ਉਸ ਨੂੰ ਫੋਨ ਕੀਤਾ ਕਿ ਦਵਾਈਆਂ ਉਸ ਤੱਕ ਪੁੱਜਦੀਆਂ ਕੀਤੀਆਂ ਜਾਣ, ਉਹ ਉਨ੍ਹਾਂ ਨੂੰ ਮਿਲ ਤਾਂ ਨਹੀਂ ਸਕਦਾ ਅਤੇ ਇਹ ਦਵਾਈਆਂ ਸਟਾਫ ਨੂੰ ਦੇ ਦਿੱਤੀਆਂ ਜਾਣ।
ਜਦੋਂ ਉਹ 2 ਮਈ ਨੂੰ ਇਹ ਦਵਾਈਆਂ ਅਤੇ ਜ਼ਰੂਰੀ ਕੱਪੜੇ ਦਾਦਾ ਨੂੰ ਬਿਨਾ ਮਿਲੇ ਹੀ ਸਟਾਫ ਨੂੰ ਦੇ ਕੇ ਹੁਸ਼ਿਆਰਪੁਰ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ 'ਚ ਉਸ ਨੂੰ ਇਟਲੀ, ਅਮਰੀਕਾ ਤੋਂ ਉਸ ਦੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦੇ ਫੋਨ ਆਉਣ ਲੱਗੇ ਕੀ ਉਕਤ ਮੁਲਜ਼ਮ ਚਰਨਜੀਤ ਸਿੰਘ ਦੇ ਵਟਸਐਪ ਗਰੁੱਪਾਂ 'ਚ ਉਸ ਦੇ ਦਾਦਾ ਨੂੰ ਕੋਰੋਨਾ ਨਾਲ ਪੀੜਤ ਹੋਣ ਸਬੰਧੀ ਅਫ਼ਵਾਹ ਫੈਲਾ ਦਿੱਤੀ ਹੈ ਅਤੇ ਉਹ ਅੱਜ ਆਪਣੇ ਦਾਦੇ ਨੂੰ ਮਿਲ ਕੇ ਆਇਆ ਹੈ, ਇਸ ਲਈ ਉਸ ਨੂੰ ਪਿੰਡ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਸ ਨਾਲ ਸੰਪਰਕ ਨਾ ਰੱਖੋ ਆਦਿ ਅਫਵਾਹ ਫੈਲਾਅ ਰਿਹਾ ਹੈ। ਇਸ ਨਾਲ ਉਸ ਨੂੰ ਮਾਨਸਿਕ ਠੇਸ ਪਹੁੰਚੀ, ਉੱਥੇ ਉਸ ਦਾ ਅਕਸ ਵੀ ਖਰਾਬ ਹੋਇਆ ਅਤੇ ਮੁਲਜ਼ਮ ਕਿਸੇ ਵੀ ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀ ਨਾਲ ਭੇਦਭਾਵ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਅਫਵਾਹ ਕਾਰਨ ਉਸ ਦੇ ਰਿਸ਼ਤੇਦਾਰਾਂ ਨੇ ਉਸ ਨਾਲ ਦੂਰੀ ਬਣਾ ਲਈ ਹੈ ਅਤੇ ਉਸ ਨਾਲ ਤ੍ਰਿਸਕਾਰ ਸ਼ੁਰੂ ਹੋ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |