ਡੇਢ ਕਰੋੜ ਦਾ ਕੱਪੜਾ ਲੈ ਕੇ ਕੀਤੀ ਧੋਖਾਦੇਹੀ, ਕੇਸ ਦਰਜ
Tuesday, Sep 13, 2022 - 03:38 PM (IST)

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਪੁਲਸ ਨੇ ਬੀਤੀ ਰਾਤ ਇਕ ਵਿਅਕਤੀ ਖ਼ਿਲਾਫ਼ ਧੋਖਾਦੇਹੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਰੋਇਲ ਵਿਊ ਹੋਮਸ ਪੱਖੋਵਾਲ ਰੋਡ ਦੇ ਰਹਿਣ ਵਾਲੇ ਅਮਿਤ ਕੁਮਾਰ ਪੁੱਤਰ ਸ਼ੰਕਰ ਲਾਲ ਨੇ 5 ਜੁਲਾਈ, 2022 ਨੂੰ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਦਲਵੀਰ ਪਾਲ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਸਲੇਮ ਟਾਬਰੀ ਉਸ ਤੋਂ ਸਿਲਾਈ ਕਰਨ ਲਈ ਕੱਪੜਾ ਲੈਂਦਾ ਸੀ ਅਤੇ ਬਾਅਦ ’ਚ ਸਿਲਾਈ ਕਰ ਕੇ ਕੱਪੜਾ ਵਾਪਸ ਕਰ ਦਿੰਦਾ ਸੀ।
ਕੁੱਝ ਮਹੀਨਿਆਂ ਬਾਅਦ ਉਸ ਨੇ ਦਲਵੀਰ ਪਾਲ ਸਿੰਘ ਨਾਲ ਆਪਣਾ ਹਿਸਾਬ ਕੀਤਾ ਤਾਂ ਪਤਾ ਲੱਗਾ ਕਿ ਉਸ ਨੇ 1 ਕਰੋੜ 40 ਲੱਖ 89 ਹਜ਼ਾਰ, 539 ਰੁਪਏ ਦਾ ਕੱਪੜਾ ਲੈ ਕੇ ਵਾਪਸ ਨਹੀਂ ਕੀਤਾ ਅਤੇ ਉਸ ਨਾਲ ਧੋਖਾਦੇਹੀ ਕੀਤੀ ਗਈ। ਜਦ ਸ਼ਿਕਾਇਤਕਰਤਾ ਨੇ ਉਸ ਤੋਂ ਆਪਣਾ ਕੱਪੜਾ ਵਾਪਸ ਮੰਗਿਆ ਤਾਂ ਉਸ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਕਰਨ ਤੋਂ ਬਾਅਦ ਮੁਲਜ਼ਮ ਦਲਵੀਰ ਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਦਕਿ ਉਕਤ ਮਾਮਲੇ ਵਿਚ ਹਾਲੇ ਮੁਲਜ਼ਮ ਫ਼ਰਾਰ ਹੈ।