10 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ''ਚ ਪਤੀ-ਪਤਨੀ ਖਿਲਾਫ ਕੇਸ ਦਰਜ
Saturday, Mar 24, 2018 - 05:39 AM (IST)

ਫਗਵਾੜਾ, (ਹਰਜੋਤ)- ਇਥੋਂ ਦੇ ਡਿਪਟੀ ਮੇਅਰ ਨਾਲ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਸਿਟੀ ਪੁਲਸ ਨੇ ਧਾਰਾ 420 ਤਹਿਤ ਪਤੀ-ਪਤਨੀ ਖਿਲਾਫ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ ਪੁੱਤਰ ਧਿਆਨ ਸਿੰਘ ਵਾਸੀ ਨਹਿਰੂ ਨਗਰ ਫਗਵਾੜਾ ਨੇ ਪੁਲਸ ਨੂੰ ਦਰਜ ਕਰਵਾਈ ਰਿਪੋਰਟ 'ਚ ਕਿਹਾ ਕਿ ਉਸ ਨੇ ਮਨਜੀਤ ਕੌਰ ਪਤਨੀ ਸੁਰਜੀਤ ਕੁਮਾਰ, ਸੁਰਜੀਤ ਕੁਮਾਰ ਪੁੱਤਰ ਰਤਨ ਚੰਦ ਵਾਸੀਆਨ ਮੇਹਲੀ ਗੇਟ ਫਗਵਾੜਾ ਨਾਲ 13 ਕਨਾਲ ਜ਼ਮੀਨ ਦਾ ਸੌਦਾ ਕੀਤਾ ਸੀ, ਜਿਸ ਦਾ ਬਿਆਨਾ 10 ਲੱਖ ਰੁਪਏ ਦਿੱਤਾ ਗਿਆ ਸੀ। ਬਿਆਨੇ ਤੋਂ ਬਾਅਦ ਪਤਾ ਲੱਗਾ ਕਿ ਇਹ ਤਾਂ ਜ਼ਮੀਨ ਨਜ਼ੂਲ ਲੈਂਡ ਹੈ। ਉਸ ਨੇ ਕਿਹਾ ਕਿ ਉਕਤ ਪਤੀ-ਪਤਨੀ ਨੇ ਲਗਾਤਾਰ 2012 ਤੋਂ ਲਾਅਰੇਬਾਜ਼ੀ ਕਰ ਕੇ ਰਜਿਸਟਰੀ ਕਰਵਾਉਣ ਦਾ ਭਰੋਸਾ ਦੇ ਰਹੇ ਹਨ। ਹੁਣ ਉਕਤ ਪਤੀ-ਪਤਨੀ ਰਜਿਸਟਰੀ ਕਰਵਾਉਣ ਤੇ ਪੈਸੇ ਦੇਣ ਤੋਂ ਮੁੱਕਰ ਗਏ ਹਨ। ਜਿਸ ਸਬੰਧੀ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ ਹੈ।