ਖਰੜ ਦੇ 2 ਬਿਲਡਰ ਭਰਾਵਾਂ ਖ਼ਿਲਾਫ਼ ਪਲਾਟ ਵੇਚਣ ਦੇ ਨਾਂ ’ਤੇ ਧੋਖਾਧੜੀ ਦਾ ਮਾਮਲਾ ਦਰਜ

Monday, Mar 18, 2024 - 01:48 PM (IST)

ਖਰੜ ਦੇ 2 ਬਿਲਡਰ ਭਰਾਵਾਂ ਖ਼ਿਲਾਫ਼ ਪਲਾਟ ਵੇਚਣ ਦੇ ਨਾਂ ’ਤੇ ਧੋਖਾਧੜੀ ਦਾ ਮਾਮਲਾ ਦਰਜ

ਖਰੜ (ਰਣਬੀਰ) : ਆਪਣੇ ਗਾਹਕ ਨੂੰ ਪਲਾਟ ਵੇਚਣ ਸਣੇ ਉਸ ਦੀ ਉਸਾਰੀ ਕਰ ਕੇ ਦੇਣ ਦੇ ਨਾਂ ’ਤੇ ਕਰੀਬ 20 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਖਰੜ ਦੇ ਦੋ ਬਿਲਡਰ ਭਰਾਵਾਂ ਖ਼ਿਲਾਫ਼ ਥਾਣਾ ਸਦਰ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ 2 ਧੋਖਾਧੜੀ ਦੇ ਮਾਮਲੇ ਦਰਜ ਹਨ। ਬਾਲਾ ਜੀ ਕੰਪਲੈਕਸ, ਮੰਡਾਵਲੀ ਕੰਪਲੈਕਸ ਨਵੀਂ ਦਿੱਲੀ ਦੇ ਰਹਿਣ ਵਾਲੇ ਸੁਸ਼ੀਲ ਕੁਮਾਰ ਵਸ਼ਿਸ਼ਟ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਲਾਟ ਲੈਣ ਲਈ ਸੰਨੀ ਬਿਜ਼ਨੈੱਸ ਸੈਂਟਰ ਵਿਖੇ ਸਥਿਤ ਰੇਲਮ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਦੇ ਦਫ਼ਤਰ ਆਇਆ ਸੀ, ਜਿੱਥੇ ਕੰਪਨੀ ਦੇ ਮਾਲਕਾਂ ਸੌਰਵ ਵਿਜ ਅਤੇ ਅਰਵਿੰਦ ਵਿਜ ਨਾਲ ਪਲਾਟ ਪਸੰਦ ਆਉਣ ’ਤੇ 31 ਮਾਰਚ, 2022 ਨੂੰ ਸੌਦਾ 44 ਲੱਖ ਰੁਪਏ ’ਚ ਸਣੇ ਉਸਾਰੀ ਕਰ ਕੇ ਦੇਣ ਦਾ ਤੈਅ ਹੋ ਗਿਆ।

ਤੈਅ ਸ਼ਰਤਾਂ ਮੁਤਾਬਕ ਮੁਲਜ਼ਮਾਂ ਦੇ ਖ਼ਾਤੇ ’ਚ 19 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਗਏ ਪਰ ਤੈਅ ਸਮੇਂ ਅੰਦਰ ਨਾ ਪਲਾਟ ਦੀ ਰਜਿਸਟਰੀ ਉਨ੍ਹਾਂ ਦੇ ਨਾਂ ਕਰਵਾਈ ਗਈ ਤੇ ਨਾ ਹੀ ਪਲਾਟ ਦੀ ਕੋਈ ਉਸਾਰੀ ਹੀ ਕਰਵਾਈ ਗਈ। ਸ਼ਿਕਾਇਤ ਪੁਲਸ ਨੂੰ ਦੇਣ ’ਤੇ ਦੋਵਾਂ ਧਿਰਾਂ ਵਿਚਾਲੇ ਪੈਸੇ ਵਾਪਸੀ ਦਾ ਸਮਝੌਤਾ ਹੋ ਗਿਆ। ਪਰ ਮੁਲਜ਼ਮਾਂ ਵਲੋਂ ਦਿੱਤੇ ਚੈੱਕ ਬਾਉਂਸ ਹੋ ਗਏ। ਆਖਰ ਮੁੜ ਦਰਖ਼ਾਸਤ ਦਿੱਤੇ ਜਾਣ ’ਤੇ ਸਦਰ ਪੁਲਸ ਵਲੋਂ ਦੋਵੇਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
 


author

Babita

Content Editor

Related News