ਗੈਸ ਪਾਈਪ ਲਾਈਨ ਤੋੜਨ ਵਾਲੀ ਕੰਪਨੀ ’ਤੇ FIR ਦਰਜ

11/24/2023 11:44:15 AM

ਚੰਡੀਗੜ੍ਹ (ਸੁਸ਼ੀਲ) : ਸੈਕਟਰ-40 'ਚ ਸ਼ਾਰਦਾ ਸਰਵਹਿੱਤਕਾਰੀ ਸਕੂਲ ਨੇੜੇ ਸਟਾਰਮ ਵਾਟਰ ਪਾਈਪ ਲਾਈਨ ਨੂੰ ਠੀਕ ਕਰਦੇ ਸਮੇਂ ਗੈਸ ਪਾਈਪ ਲਾਈਨ ਤੋੜਨ ਵਾਲੀ ਕੰਪਨੀ ਖ਼ਿਲਾਫ਼ ਪੁਲਸ ਨੇ ਲਾਪਰਵਾਹੀ ਵਰਤਣ ਦਾ ਮਾਮਲਾ ਦਰਜ ਕੀਤਾ ਹੈ। ਸੈਕਟਰ-39 ਥਾਣਾ ਪੁਲਸ ਨੇ ਐੱਮ. ਸੀ. ਪੀ. ਐੱਚ. ਸਬ-ਡਵੀਜ਼ਨ 13 ਦੇ ਐੱਸ. ਡੀ. ਓ. ਗੁਰਚਰਨ ਸਿੰਘ ਦੇ ਬਿਆਨਾਂ ’ਤੇ ਮਨੀਮਾਜਰਾ ਸਥਿਤ ਐੱਨ. ਏ. ਸੀ. ਵਿਚ ਵੀ. ਕੇ. ਇੰਜੀਨੀਅਰ ਕੰਪਨੀ ’ਤੇ ਐੱਫ. ਆਈ. ਆਰ. ਦਰਜ ਕੀਤੀ ਹੈ।

ਪੁਲਸ ਹੁਣ ਜਾਂਚ ਕਰਨ ਮਗਰੋਂ ਕੰਪਨੀ ਦੇ ਠੇਕੇਦਾਰ ਨੂੰ ਗ੍ਰਿਫ਼ਤਾਰ ਕਰੇਗੀ। ਸੈਕਟਰ-40 ਸਥਿਤ ਸ਼ਾਰਦਾ ਸਰਵਹਿੱਤਕਾਰੀ ਸਕੂਲ ਨੇੜੇ ਬੁੱਧਵਾਰ ਸਵੇਰੇ ਸੀਵਰੇਜ ਠੀਕ ਕਰਦੇ ਸਮੇਂ ਪੀ. ਐੱਨ. ਜੀ. ਗੈਸ ਪਾਈਪ ਲਾਈਨ ਟੁੱਟ ਗਈ ਸੀ। ਲਾਈਨ ਟੁੱਟਣ ਕਾਰਨ ਜ਼ੋਰ ਨਾਲ ਧਮਾਕਾ ਹੋਇਆ ਅਤੇ ਗੈਸ ਨਿਕਲਣ ਲੱਗੀ। ਧਮਾਕੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ, ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਦਹਿਸ਼ਤ ਫੈਲ ਗਈ ਸੀ।

ਗੈਸ ਲੀਕ ਹੁੰਦੀ ਵੇਖ ਕੇ ਅਧਿਆਪਕਾਂ ਨੇ ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢ ਕੇ ਨੇੜੇ ਦੀ ਗਰਾਊਂਡ ਵਿਚ ਪਹੁੰਚਾਇਆ ਅਤੇ ਬੱਚਿਆਂ ਦੇ ਮਾਪਿਆਂ ਨੂੰ ਮੈਸੇਜ ਕਰਵਾ ਦਿੱਤੇ ਗਏ ਕਿ ਉਹ ਆਪਣੇ ਬੱਚਿਆਂ ਨੂੰ ਘਰ ਲੈ ਜਾਣ। ਨਾਲ ਹੀ ਜਿਹੜੇ ਬੱਚੇ ਬੱਸਾਂ ਵਿਚ ਆਏ ਸੀ, ਉਨ੍ਹਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ। ਤਿੰਨ ਘੰਟਿਆਂ ਮਗਰੋਂ ਗੈਸ ਪਾਈਪ ਲਾਈਨ ਠੀਕ ਕੀਤੀ ਗਈ ਸੀ। ਐੱਮ. ਸੀ. ਪੀ. ਐੱਚ. ਸਬਡਵੀਜ਼ਨ 13 ਦੇ ਐੱਸ. ਡੀ. ਓ. ਗੁਰਚਰਨ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਸੈਕਟਰ-39 ਥਾਣਾ ਪੁਲਸ ਨੇ ਬੁੱਧਵਾਰ ਮਾਮਲੇ ਦੀ ਡੀ. ਡੀ. ਆਰ. ਦਰਜ ਕੀਤੀ।


Babita

Content Editor

Related News