ਕਾਲਜ ਦੇ ਕਰੋੜਾਂ ਰੁਪਏ ਦੇ ਘੋਟਾਲੇ ''ਚ ਅਕਾਊਂਟੈਂਟ ਖਿਲਾਫ਼ ਮਾਮਲਾ ਦਰਜ
Saturday, Dec 28, 2019 - 04:35 PM (IST)

ਮਾਛੀਵਾੜਾ ਸਾਹਿਬ (ਟੱਕਰ) : ਨੈਸ਼ਨਲ ਕਾਲਜ ਫਾਰ ਵਿਮੈਨ ਮਾਛੀਵਾੜਾ 'ਚ ਕਰੋੜਾਂ ਰੁਪਏ ਦੇ ਹੋਏ ਘਪਲੇ 'ਚ ਪੁਲਸ ਵਲੋਂ ਅਕਾਊਂਟੈਂਟ ਗੁਰਭਗਤ ਸਿੰਘ ਵਾਸੀ ਗੜ੍ਹੀ ਬੇਟ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦੋਂ ਕਿ ਪੁਲਸ ਨੇ ਇਸ ਸਬੰਧੀ ਅਗਲੀ ਜਾਂਚ ਸ਼ੁਰੂ ਕਰ ਕਾਲਜ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਨੂੰ ਵੀ ਸ਼ੱਕ ਦੇ ਘੇਰੇ 'ਚ ਰੱਖਿਆ ਹੈ ਕਿ ਇਸ ਘਪਲੇ 'ਚ ਜਿਸ ਦੀ ਵੀ ਸ਼ਮੂਲੀਅਤ ਪਾਈ ਗਈ, ਉਸ ਨੂੰ ਵੀ ਦੋਸ਼ੀ ਨਾਮਜ਼ਦ ਕਰ ਇਸ ਪਰਚੇ 'ਚ ਸ਼ਾਮਲ ਕਰ ਲਿਆ ਜਾਵੇਗਾ।
ਜਾਣਕਾਰੀ ਅਨੁਸਾਰ ਕਾਲਜ ਪ੍ਰਬੰਧਕ ਕਮੇਟੀ ਵਲੋਂ ਇਸ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਪੁਲਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ ਨੂੰ ਕੀਤੀ ਸੀ, ਜਿਸ ਜਾਂਚ ਡੀ. ਐਸ. ਪੀ.ਡੀ ਵਲੋਂ ਕੀਤੀ ਗਈ। ਪ੍ਰਬੰਧਕ ਕਮੇਟੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਨੈਸ਼ਨਲ ਕਾਲਜ 'ਚ ਗੁਰਭਗਤ ਸਿੰਘ 2010 ਤੋਂ ਬਤੌਰ ਅਕਾਊਂਟੈਂਟ ਡਿਊਟੀ ਕਰ ਰਿਹਾ ਹੈ ਅਤੇ ਉਕਤ ਵਿਅਕਤੀ ਹੀ ਕਾਲਜ ਦੇ ਸਾਰਿਆਂ ਬੈਂਕ ਖਾਤਿਆਂ ਦਾ ਲੈਣ-ਦੇਣ ਤੋਂ ਇਲਾਵਾ ਜੋ ਦਾਨੀ ਰਾਸ਼ੀ ਆਉਂਦੀ ਸੀ, ਉਸ ਦੀਆਂ ਰਸੀਦਾਂ ਕੱਟਣ ਦਾ ਕੰਮ ਵੀ ਦੇਖਦਾ ਸੀ।
ਸ਼ਿਕਾਇਤ ਕਰਤਾਵਾਂ ਅਨੁਸਾਰ ਕਾਲਜ 'ਚ ਜੋ ਪ੍ਰੋਫੈਸਰ ਤੇ ਲੈਕਚਰਾਰ ਡਿਊਟੀ ਕਰਦੇ ਹਨ, ਉਹ ਸਮੇਂ-ਸਮੇਂ ਸਿਰ ਦਾਨ ਰਾਸ਼ੀ ਵੀ ਦਿੰਦੇ ਸਨ, ਜਿਸ ਦੀ ਉਹ ਸੈਲਫ਼ ਚੈੱਕਾਂ ਰਾਹੀਂ ਅਦਾਇਗੀ ਕਰਦੇ ਸਨ ਪਰ ਅਕਾਊਂਟੈਂਟ ਗੁਰਭਗਤ ਸਿੰਘ ਵਲੋਂ ਬੈਂਕਾਂ 'ਚੋਂ ਇੱਕ ਹੋਰ ਮੁਲਾਜ਼ਮ ਰਾਹੀਂ ਇਹ ਰਾਸ਼ੀ ਕਢਵਾਉਣ ਤੋਂ ਬਾਅਦ ਕਾਲਜ ਖਾਤੇ 'ਚ ਜਮ੍ਹਾਂ ਨਹੀਂ ਕਰਵਾਈ ਗਈ ਜੋ ਲੱਖਾਂ ਰੁਪਏ ਬਣਦੀ ਹੈ।